(ਅਮਿਤ ਨਖਵਾਲ)ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਭਕਨਾ ਕਲਾਂ ਦੀ ਦਾਣਾ ਮੰਡੀ ਵਿੱਚ ਸਰਪੰਚੀ ਦੀ ਰੰਜਿਸ਼ ਨੂੰ ਲੈ ਕੇ ਸ਼ੁੱਕਰਵਾਰ ਸ਼ਾਮ ਖੂਨੀ ਝੜਪ ਹੋ ਗਈ। ਦੋ ਧੜਿਆਂ ਵਿਚਕਾਰ ਹੋਈ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਕਰੀਬ 100 ਰਾਊਂਡ ਫਾਇਰਿੰਗ ਹੋਈ, ਜਿਸ ਵਿੱਚ ਗੁਰਸ਼ਰਨ ਸਿੰਘ ਦੀ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੁਖਮਨ ਨਾਮ ਦਾ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।
ਡੀਐਸਪੀ (ਅਟਾਰੀ) ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 7:30 ਵਜੇ ਪਿੰਡ ਭਕਨਾ ਕਲਾਂ ਦੀ ਅਨਾਜ ਮੰਡੀ ਵਿੱਚ ਸਰਪੰਚ ਗੁਰਦੀਪ ਸਿੰਘ ਅਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਦੇ ਧੜਿਆਂ ਵਿਚਕਾਰ ਤਕਰਾਰ ਹੋਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧੜਿਆਂ ਦੇ ਸਮਰਥਕ ਕਰੀਬ 15 ਗੱਡੀਆਂ ਵਿੱਚ ਮੌਕੇ ‘ਤੇ ਪਹੁੰਚੇ ਸਨ। ਬਹਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਦੋਵੇਂ ਪਾਸਿਆਂ ਵੱਲੋਂ ਇੱਕ-ਦੂਜੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।
ਗੋਲੀਬਾਰੀ ਦੌਰਾਨ ਪ੍ਰਗਟ ਸਿੰਘ ਦੇ ਧੜੇ ਨਾਲ ਸੰਬੰਧਤ ਗੁਰਸ਼ਰਨ ਸਿੰਘ ਦੀ ਗਰਦਨ ਅਤੇ ਪੇਟ ਵਿੱਚ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸੇ ਘਟਨਾ ਵਿੱਚ ਸੁਖਮਨ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

