ਚੰਡੀਗੜ੍ਹ  : ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਵਿੱਚ ਹੋਈ ਰਿਕਾਰਡ ਤੋੜ ਬਾਰਿਸ਼ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ। ਸੋਮਵਾਰ ਨੂੰ ਸੈਕਟਰ 38 ਵਿੱਚ ਇੱਕ ਦਰੱਖ਼ਤ ਸੜਕ ‘ਤੇ ਡਿੱਗ ਗਿਆ। ਖੁਸ਼ਕਿਸਮਤੀ ਨਾਲ, ਉਸ ਸਮੇਂ ਕੋਈ ਵੀ ਉੱਥੋਂ ਨਹੀਂ ਲੰਘ ਰਿਹਾ ਸੀ। ਦੂਜੇ ਪਾਸੇ, ਭਾਰੀ ਬਾਰਿਸ਼ ਤੋਂ ਬਾਅਦ, ਸ਼ਹਿਰ ਦੇ ਕੁਝ ਸੈਕਟਰਾਂ ਵਿੱਚ ਪਾਣੀ ਘਰਾਂ ਵਿੱਚ ਦਾਖ਼ਲ ਹੋ ਗਿਆ।ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਸੜਕ ਵੀ ਧੱਸ ਗਈ। ਐਤਵਾਰ ਦੇਰ ਰਾਤ ਨੂੰ ਚੰਡੀਗੜ੍ਹ ਵਿੱਚ ਸਿਰਫ਼ ਢਾਈ ਘੰਟਿਆਂ ਵਿੱਚ 48 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ 27 ਸਾਲਾਂ ਬਾਅਦ 24 ਘੰਟਿਆਂ ਵਿੱਚ ਇੰਨੀ ਬਾਰਿਸ਼ ਦੇਖੀ ਹੈ। ਸੋਮਵਾਰ ਸਵੇਰ ਤੋਂ ਹੀ ਅਸਮਾਨ ਬੱਦਲਵਾਈ ਵਾਲਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਰਿਕਾਰਡ ਸ਼ੀਟ ਦੇ ਅਨੁਸਾਰ, ਇਹ ਜੂਨ ਦੇ ਮਹੀਨੇ ਵਿੱਚ ਦੂਜੀ ਸਭ ਤੋਂ ਭਾਰੀ ਬਾਰਿਸ਼ ਸੀ।ਇਸ ਤੋਂ ਪਹਿਲਾਂ 30 ਜੂਨ, 1988 ਨੂੰ ਸ਼ਹਿਰ ਵਿਚ ਇਕ ਦਿਨ ਵਿੱਚ 196.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਐਤਵਾਰ ਰਾਤ ਨੂੰ ਸ਼ਹਿਰ ਦੇ ਕਈ ਹਿੱਸੇ ਪਾਣੀ ਵਿੱਚ ਡੁੱਬ ਗਏ ਸਨ। ਇੰਨਾ ਹੀ ਨਹੀਂ ਮੀਂਹ ਨਾਲ ਸ਼ਹਿਰ ਦੀਆਂ ਕਈਆਂ ਸੜਕਾਂ ਵੀ ਧੱਸ ਗਈਆਂ ਹਨ। ਅੱਜ ਗੁਰੂ ਨਾਨਕ ਰੋਡ 47-48 ਦੀਆਂ ਲਾਈਟਾਂ ਵਾਲੀ ਸੜਕ ਧੱਸ ਗਈ। ਸੜਕ ਧੱਸਣ ਕਾਰਨ ਉਥੇ ਇਕ ਵੱਡਾ ਖੱਡਾ ਬਣ ਗਿਆ। ਖੱਡੇ ਵਿਚ ਬਾਈਕ ਸਵਾਰ ਨੌਜਵਾਨ ਡਿੱਗ ਗਿਆ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ।  ਹੋਰ ਕੋਈ ਅਣਹੋਣੀ ਨਾ ਵਾਪਰ ਜਾਵੇ ਇਸ ਲਈ ਉਥੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਸੈਕਟਰਾਂ ਵਿਚ ਸੜਕਾਂ ‘ਤੇ ਮੀਂਹ ਦਾ ਪਾਣੀ ਇਕੱਠਾ ਹੋ ਗਿਆ। ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।