ਜਲੰਧਰ,(ਵਿੱਕੀ ਸੂਰੀ)- ਜਲੰਧਰ ਸ਼ਹਿਰ ਦੇ ਬਾਬੂ ਜਗਜੀਵਨ ਰਾਮ ਚੌਕ ‘ਤੇ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇਕ ਤੇਜ਼ ਰਫਤਾਰ ਵਾਹਨ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ ਤੇ ਕਾਫੀ ਦੂਰ ਤੱਕ ਵਾਹਨ ਉਸ ਨੂੰ ਘਸੀਟਦਾ ਲੈ ਗਿਆ, ਜਿਸ ਦੌਰਾਨ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ।

    ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨਜੀਤ ਕੁਮਾਰ ਉਰਫ ਬੰਟੀ ਪੁੱਤਰ ਹੀਰਾਲਾਲ ਵਾਸੀ ਸੋਨੀਆ ਮੁਹੱਲਾ,ਬਸਤੀ ਸ਼ੇਖ ਇਕ ਸਾਈਕਲ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ ਅੱਜ ਸਵੇਰੇ ਕੰਮ ਲਈ ਘਰੋਂ ਨਿਕਲਿਆ ਅਤੇ ਰਸਤੇ ਕਿਸੇ ਵਾਹਨ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਘਟਨਾ ਸਥਾਨ ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ।