*6-7 ਮਹੀਨੇ ਬਾਅਦ ਰੋਡ ਮੁਹੱਲੇ ਦੀ ਸੜਕ ਦਾ ਕੰਮ ਸ਼ੁਰੂ, ਲੋਕਾਂ ਵਿੱਚ ਖੁਸ਼ੀ—’ਕਾਲੀਆਂ ਭੇਡਾਂ’ ਤੇ ਸੁੱਤੇ ਅਫ਼ਸਰਾਂ ‘ਤੇ ਤਿੱਖਾ ਨਿਸ਼ਾਨਾ*

ਜਲੰਧਰ (ਅਰਸ਼ਦੀਪ ਸਿੰਘ ਕਾਲੜਾ)  :- ਵਾਰਡ ਨੰਬਰ 50 ਦੇ ਰੋਡ ਮੁਹੱਲੇ ਵਿੱਚ ਕਰੀਬ 6 ਤੋਂ 7 ਮਹੀਨਿਆਂ ਤੋਂ ਟੁੱਟੀ ਪਈ ਸੜਕ ਦਾ ਨਿਰਮਾਣ ਕੰਮ ਆਖ਼ਿਰਕਾਰ ਸ਼ੁਰੂ ਹੋ ਗਿਆ ਹੈ। ਇਸ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਮੁਹੱਲਾ ਵਾਸੀਆਂ ਨੇ ਇਸ ਨੂੰ ਆਪਣੀ ਲੰਬੀ ਉਡੀਕ ਦੀ ਜਿੱਤ ਕਰਾਰ ਦਿੱਤਾ ਹੈ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਸੰਬਰ ਮਹੀਨੇ ਤੋਂ ਇਹ ਸੜਕ ਖਸਤਾ ਹਾਲਤ ਵਿੱਚ ਪਈ ਸੀ। ਇਸ ਰਸਤੇ ਨਾਲ ਗੁਰਦੁਆਰਾ ਸਾਹਿਬ, ਮੰਦਰ ਅਤੇ ਖੇਡ ਮੈਦਾਨ ਹੋਣ ਕਾਰਨ ਹਰ ਰੋਜ਼ ਸੈਂਕੜੇ ਲੋਕਾਂ ਦੀ ਆਵਾਜਾਈ ਹੁੰਦੀ ਸੀ, ਪਰ ਵੱਡੇ-ਵੱਡੇ ਖੱਡਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਮੁਹੱਲਾ ਵਾਸੀਆਂ ਅਨੁਸਾਰ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਇਸ ਮਾਮਲੇ ਨੂੰ ਲਗਾਤਾਰ ਨਗਰ ਨਿਗਮ ਦਫ਼ਤਰ ਵਿੱਚ ਉਠਾਇਆ ਅਤੇ ਜਲੰਧਰ ਦੇ ਮੇਅਰ ਕੋਲ ਬਰਸਾਤੀ ਸੀਵਰੇਜ ਪਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸੀਵਰੇਜ ਦਾ ਕੰਮ ਕਰਵਾਇਆ ਗਿਆ। ਲੋਕਾਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੇ ਕਈ ਵਾਰ ਇਸ ਵਿਕਾਸ ਕਾਰਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ।

ਇਲਾਕਾ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਸਥਾਨਕ ਵਿਧਾਇਕ ਅਤੇ ਮੰਤਰੀ ਨੂੰ ਕਈ ਵਾਰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ, ਪਰ ਉਨ੍ਹਾਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਅਤੇ ਕੁਝ ਨਿਗਮ ਅਧਿਕਾਰੀ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਦਿਖਾਈ ਦਿੱਤੇ।

ਦੂਜੇ ਪਾਸੇ, ਸੀਵਰੇਜ ਬੋਰਡ ਦੇ ਜੇ.ਈ. ਆਕਾਸ਼ ਦੀ ਇਲਾਕਾ ਵਾਸੀਆਂ ਅਤੇ ਕੌਂਸਲਰ ਸ. ਮਨਜੀਤ ਸਿੰਘ ਟੀਟੂ ਵੱਲੋਂ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਨੂੰ ਜੇ.ਈ. ਆਕਾਸ਼ ਨੇ ਨਿੱਜੀ ਦਿਲਚਸਪੀ ਲੈ ਕੇ ਸਿਰਫ਼ ਤਿੰਨ ਦਿਨਾਂ ਵਿੱਚ ਹੱਲ ਕਰਵਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਇਮਾਨਦਾਰ ਅਤੇ ਕਰਤੱਵਨਿਸ਼ਠ ਅਧਿਕਾਰੀਆਂ ਨੂੰ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਦੇ ਕੰਮ ਸਮੇਂ ਸਿਰ ਹੋ ਸਕਣ।

ਸੜਕ ਦਾ ਕੰਮ ਸ਼ੁਰੂ ਹੋਣ ਨਾਲ ਰੋਡ ਮੁਹੱਲੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਲਾਕਾ ਵਾਸੀਆਂ ਨੇ ਇਸ ਨੂੰ ਲੋਕਾਂ ਦੀ ਏਕਤਾ ਅਤੇ ਲਗਾਤਾਰ ਸੰਘਰਸ਼ ਦੀ ਜਿੱਤ ਦੱਸਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।