Skip to content
ਸਾਦਿਕ 22 ਅਗਸਤ (ਵਿਪਨ ਮਿੱਤਲ) – ਸਾਦਿਕ ਦੇ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਮੁਲਾਜਮ ਦੁਆਰਾ ਮਾਰੀ ਗਈ ਕਰੋੜਾ ਦੀ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਜਾਂਚ ਪੜਤਾਲ ਤੋਂ ਬਾਅਦ ਪੈਸੇ ਵਾਪਿਸ ਕੀਤੇ ਜਾ ਰਹੇ ਹਨ। ਅੱਜ ਦੂਸਰੀ ਵਾਰ ਬੈਂਕ ਨੇ ਆਪਣੇ ਗਾਹਕਾਂ ਨੂੰ ਲਗਭਗ ਦੂਜੀ ਕਿਸ਼ਤ ਵਿੱਚ 25 ਲੱਖ ਰੁਪਏ ਵਿਆਜ ਸਮੇਤ ਵਾਪਿਸ ਕੀਤੇ । ਜਾਣਕਾਰੀ ਦਿੰਦਿਆ ਬੈਂਕ ਮੁਲਾਜਮਾਂ ਨੇ ਦੱਸਿਆ ਕਿ ਬੈਂਕ ਵਿੱਚ ਹੋਏ ਧੋਖਾਧੜੀ ਦੇ ਸ਼ਿਕਾਰ ਲੋਕਾਂ ਨੂੰ ਖੇਤਰੀ ਪ੍ਰਬੰਧਕ ਸ਼੍ਰੀ ਪ੍ਰਵੀਨ ਸੋਨੀ ਨੇ ਗ੍ਰਾਹਕਾਂ ਨੂੰ ਭਰੋਸਾ ਦਵਾਇਆ ਸੀ ਕਿ ਧੋਖਾਧੜੀ ਵਾਲੀਆਂ ਐਂਟਰੀਆਂ ਦਾ ਪਤਾ ਲਗਾ ਕੇ ਜਲਦੀ ਭੁਗਤਾਨ ਸ਼ੁਰੂ ਕੀਤਾ ਜਾਵੇਗਾ। ਉਹਨਾਂ ਆਪਣੇ ਵਾਅਦੇ ਅਨੁਸਾਰ ਅੱਜ ਦੁਜੀ ਕਿਸ਼ਤ ਵਿੱਚ ਲਗਭਗ 25 ਲੱਖ ਰੁਪਏ ਗਾਹਕਾਂ ਦੇ ਖਾਤੇ ਵਿੱਚ ਪਾਏ । ਬੈਂਕ ਮੁਲਾਜਮਾਂ ਨੇ ਦੱਸਿਆ ਕਿ 21 ਜੁਲਾਈ 2025 ਨੂੰ ਐਸਬੀਆਈ ਸਾਦਿਕ ਸ਼ਾਖਾ ਵਿੱਚ ਹੋਈ ਵਿੱਤੀ ਧੋਖਾਧੜੀ ਦੀ ਘਟਨਾ ਤੋਂ ਬਾਅਦ ਵਾਅਦੇ ਅਨੁਸਾਰ, 18 ਅਗਸਤ 2025 ਨੂੰ ਪਹਿਲੀ ਕਿਸ਼ਤ ਵਿੱਚ 6 ਗ੍ਰਾਹਕਾਂ ਨੂੰ ਲਗਭਗ 25 ਲੱਖ ਦੀ ਰਕਮ ਵਾਪਸ ਕੀਤੀ ਗਈ ਸੀ। ਉਸ ਤੋਂ ਬਾਅਦ ਅੱਜ 22 ਅਗਸਤ ਨੂੰ ਦੂਜੀ ਕਿਸ਼ਤ ਦੇ ਰੂਪ ਵਿੱਚ ਹੋਰ 6 ਗ੍ਰਾਹਕਾਂ ਨੂੰ 24,65,743 ਦੀ ਰਕਮ ਵਾਪਸ ਕੀਤੀ ਗਈ।
ਇਸ ਤਰ੍ਹਾਂ ਹੁਣ ਤੱਕ ਕੁੱਲ 12 ਗ੍ਰਾਹਕਾਂ ਨੂੰ ਲਗਭਗ 50 ਲੱਖ ਦੀ ਵਾਪਸੀ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇਹ ਰਕਮ ਐਫਡੀ ਮਾਮਲੇ ਵਿੱਚ ਹੋਈ ਠੱਗੀ ਦੇ ਪੀੜਤਾਂ ਨੂੰ ਵਾਪਿਸ ਕੀਤੀ ਗਈ। ਇਹ ਰਾਸ਼ੀ ਬੈਂਕ ਦੇ ਆਲਾ ਅਧਿਕਾਰੀ ਖੇਤਰੀ ਪ੍ਰਬੰਧਕ ਸ਼੍ਰੀ ਪ੍ਰਵੀਨ ਸੋਨੀ ਦੀ ਅਗਵਾਈ ਹੇਠ ਵਾਪਿਸ ਕੀਤੀ ਗਈ। ਇਸ ਪ੍ਰਕਿਰਿਆ ਵਿੱਚ ਰੀਜਨਲ ਬਿਜ਼ਨਸ ਆਫਿਸ ਤੋਂ ਸ਼੍ਰੀ ਆਰ.ਪੀ. ਸਿੰਘ (ਚੀਫ ਮੈਨੇਜਰ – ਓਪਰੇਸ਼ਨ), ਸ਼੍ਰੀ ਦਲੀਪ ਕੁਮਾਰ (ਮੈਨੇਜਰ – ਕੰਪਲਾਇੰਸ ਅਤੇ ਰਿਸਕ) ਅਤੇ ਸਾਦਿਕ ਸ਼ਾਖਾ ਤੋਂ ਸ਼੍ਰੀ ਸ਼ਸ਼ਾਂਕ ਸ਼ੇਖਰ (ਡਿਪਟੀ ਮੈਨੇਜਰ), ਸ਼੍ਰੀ ਨਰਿੰਦਰ ਸਿੰਘ (ਡਿਪਟੀ ਮੈਨੇਜਰ) ਅਤੇ ਸ਼੍ਰੀ ਸੁਖਜੀਤ ਸਿੰਘ (ਡਿਪਟੀ ਮੈਨੇਜਰ) ਸਮੂਹ ਸਟਾਫ਼ ਨੇ ਸਹਿਯੋਗ ਦਿੱਤਾ। ਇਸ ਮੌਕੇ ਬੈਂਕ ਅਧਿਕਾਰੀਆ ਨੇ ਕਿਹਾ ਕਿ ਗ੍ਰਾਹਕਾਂ ਅਤੇ ਕਿਸਾਨ ਯੂਨੀਅਨ ਨੇ ਇਸ ਕਦਮ ’ਤੇ ਡੂੰਘੀ ਖੁਸ਼ੀ ਜਤਾਈ ਅਤੇ ਕਿਹਾ ਕਿ ਐਸਬੀਆਈ ਦੇਸ਼ ਦਾ ਸਭ ਤੋਂ ਵੱਡਾ ਅਤੇ ਭਰੋਸੇਯੋਗ ਬੈਂਕ ਹੈ, ਜੋ ਕਿਸੇ ਇੱਕ ਦੀ ਗਲਤੀ ਕਾਰਨ ਪ੍ਰਭਾਵਿਤ ਗ੍ਰਾਹਕਾਂ ਦੀ ਵੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਗ੍ਰਾਹਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਖੇਤਰੀ ਪ੍ਰਬੰਧਕ ਸ਼੍ਰੀ ਪ੍ਰਵੀਨ ਸੋਨੀ ਜੀ ਨੇ ਸਾਦਿਕ ਖੇਤਰ ਦੇ ਸਾਰੇ ਗ੍ਰਾਹਕਾਂ ਅਤੇ ਨਾਗਰਿਕਾਂ ਦਾ ਉਨ੍ਹਾਂ ਦੇ ਧੀਰਜ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਬਾਕੀ ਬਚੇ ਪ੍ਰਭਾਵਿਤ ਗ੍ਰਾਹਕਾਂ ਨੂੰ ਵੀ ਜਲਦ ਭੁਗਤਾਨ ਕਰ ਦਿੱਤਾ ਜਾਵੇਗਾ।
Related