ਜਲੰਧਰ-ਧਰਮ ਰਖਿੱਅਕ, ਨੌਵੇਂ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮੁੱਚੇ ਸੰਸਾਰ ਵਿਚ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਖ-ਵੱਖ ਧਾਰਮਿਕ ਜੱਥੇਬੰਦੀਆਂ, ਸੇਵਾ ਸੁਸਾਇਟੀਆਂ ਬੇਅੰਤ ਉਪਰਾਲੇ ਕਰਕੇ ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਲਈ ਸ਼ਰਧਾ ਨਾਲ ਲਬਰੇਜ਼ ਹਨ। ਜਲੰਧਰ ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਤੋਂ ਵੀ ਸ਼ਤਾਬਦੀ ਸਮਾਗਮਾਂ ਨੂੰ ਲੜੀਵਾਰ ਲਗਾਤਾਰ 9 ਹਫਤੇ ਤੱਕ ਦੀਵਾਨ ਸਜਾ ਕੇ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਹਰ ਹਫ਼ਤੇ ਐਤਵਾਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਜਿਸ ਵਿਚ ਸਿੱਖ ਪੰਥ ਦੇ ਵਿਦਵਾਨ ਸੱਜਣ ਗੁਰ-ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ। ਸ੍ਰ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਕਮੇਟੀ, ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਲੋਂ ਇਸੇ ਸਬੰਧ ਵਿੱਚ 26 ਅਕਤੂਬਰ ਦਿਨ ਐਤਵਾਰ ਨੂੰ ਖਾਲਸਾ ਸ਼ਹੀਦੀ ਮਾਰਚ ਸਜਾਇਆ ਜਾਵੇਗਾ ਜੋ ਕਿ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਅਰੰਭ ਹੋ ਕੇ ਨੌਵੇਂ ਪਾਤਸ਼ਾਹ ਜੀ ਦੇ ਤੱਪ ਅਸਥਾਨ ਗੁਰਦੁਆਰਾ ਬਾਬਾ ਬਕਾਲਾ ਦੇ ਦਰਸ਼ਨ ਕਰਨ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇਗਾ। ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਵਿਸ਼ੇਸ਼ ਸਹਿਯੋਗ ਅਤੇ ਗੁਰੂ ਸਾਹਿਬ ਜੀ ਦੀ ਅਸੀਸ ਸਦਕਾ ਇਹ ਕਾਰਜ ਸੰਪੂਰਨ ਕਰਨ ਦਾ ਉਪਰਾਲਾ ਕੀਤਾ ਜਾਵੇਗਾ।