ਦਸਤਾਵੇਜ਼ਾਂ ’ਤੇ ਲਿਆ ਸਿਮ ਕਿਸੇ ਹੋਰ ਨੂੰ ਦੇਣਾ ਪੈ ਸਕਦੈ ਮਹਿੰਗਾ, 3 ਸਾਲ ਦੀ ਕੈਦ ਤੇ ₹50 ਲੱਖ ਤੱਕ ਜੁਰਮਾਨਾ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) : ਆਪਣੇ ਦਸਤਾਵੇਜ਼ਾਂ ’ਤੇ ਜਾਰੀ ਕਰਵਾਇਆ ਸਿਮ ਕਾਰਡ ਕਿਸੇ ਹੋਰ ਵਿਅਕਤੀ ਨੂੰ ਦੇਣਾ ਹੁਣ ਮਹਿੰਗਾ ਪੈ ਸਕਦਾ ਹੈ। ਦੂਰਸੰਚਾਰ ਵਿਭਾਗ ਨੇ 21 ਸਤੰਬਰ ਨੂੰ ਜਾਰੀ ਕੀਤੀ ਸਲਾਹ ਵਿੱਚ ਨਾਗਰਿਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਜਾਅਲੀ ਪਛਾਣ ਪੱਤਰ ਦੀ ਵਰਤੋਂ ਕਰਕੇ ਸਿਮ ਕਾਰਡ ਖਰੀਦਣ ਜਾਂ ਵੇਚਣ, ਕਿਸੇ ਹੋਰ ਨੂੰ ਸਿਮ ਕਿਰਾਏ ’ਤੇ ਦੇਣ ਜਾਂ ਮੋਬਾਈਲ ਫੋਨ ਦੇ IMEI ਨੰਬਰ ਨਾਲ ਛੇੜਛਾੜ ਕਰਨ ’ਤੇ 3 ਸਾਲ ਤੱਕ ਦੀ ਕੈਦ ਅਤੇ ₹50 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ‘ਸੰਚਾਰ ਸਾਥੀ’ ਪੋਰਟਲ ਜਾਂ ਐਪ ਰਾਹੀਂ ਤੁਰੰਤ ਜਾਂਚ ਕਰਨ ਕਿ ਉਨ੍ਹਾਂ ਦੀ ਪਛਾਣ ’ਤੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਕੋਈ ਅਣਜਾਣ ਮੋਬਾਈਲ ਨੰਬਰ ਤਾਂ ਸਰਗਰਮ ਨਹੀਂ ਹੈ।

ਇਹ ਕਦਮ ਛੱਤੀਸਗੜ੍ਹ ਵਿੱਚ ਸਾਹਮਣੇ ਆਏ ਇੱਕ ਸਾਈਬਰ ਧੋਖਾਧੜੀ ਦੇ ਮਾਮਲੇ ਤੋਂ ਬਾਅਦ ਚੁੱਕਿਆ ਗਿਆ। ਮਾਮਲੇ ਵਿੱਚ ਇੱਕ ਸਿਮ ਵਿਕਰੀ ਏਜੰਟ ਵੱਲੋਂ ਲੋਕਾਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਕਥਿਤ ਦੁਰਵਰਤੋਂ ਕਰਕੇ 25 ਜਾਅਲੀ ਸਿਮ ਕਾਰਡ ਐਕਟੀਵੇਟ ਕੀਤੇ ਗਏ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੂਰਸੰਚਾਰ ਵਿਭਾਗ ਨੇ ਏਜੰਟ ਨੂੰ ਬਲੈਕਲਿਸਟ ਕਰ ਦਿੱਤਾ ਅਤੇ ਮੁੜ ਤਸਦੀਕ ਵਿੱਚ ਅਸਫਲ ਰਹਿਣ ਵਾਲੇ ਸਾਰੇ 25 ਨੰਬਰ ਡੀਐਕਟੀਵੇਟ ਕਰ ਦਿੱਤੇ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਆਪਣੇ ਨਾਮ ’ਤੇ ਸਿਮ ਲੈ ਕੇ ਉਸਨੂੰ ਕਿਸੇ ਹੋਰ ਵਿਅਕਤੀ ਨੂੰ ਵੇਚਣਾ, ਕਿਰਾਏ ’ਤੇ ਦੇਣਾ ਜਾਂ ਸਾਈਬਰ ਧੋਖਾਧੜੀ ਲਈ ਵਰਤਣ ਦੀ ਇਜਾਜ਼ਤ ਦੇਣਾ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਜਾਅਲੀ ਦਸਤਾਵੇਜ਼ਾਂ ਰਾਹੀਂ ਸਿਮ ਹਾਸਲ ਕਰਨਾ, ਪਛਾਣ ਲੁਕਾ ਕੇ ਧੋਖਾਧੜੀ ਕਰਨਾ ਜਾਂ ਕਿਸੇ ਹੋਰ ਦੇ ਨਾਮ ’ਤੇ ਜਾਰੀ ਸਿਮ ਦੀ ਦੁਰਵਰਤੋਂ ਕਰਨਾ ਵੀ ਗੰਭੀਰ ਅਪਰਾਧ ਹਨ।

ਜਾਅਲੀ ਪਛਾਣ ਦੀ ਵਰਤੋਂ ਕਰਕੇ ਜਾਂ ਪੈਸੇ ਦੇ ਲਾਲਚ ਵਿੱਚ ਕਿਸੇ ਹੋਰ ਦੇ ਨਾਮ ’ਤੇ ਹਾਸਲ ਕੀਤੇ ਸਿਮ ਨੂੰ ਸਾਈਬਰ ਅਪਰਾਧਾਂ ਵਿੱਚ ਵਰਤਿਆ ਜਾਣ ਵਾਲਾ ‘ਮਿਊਲ ਸਿਮ’ ਕਿਹਾ ਜਾਂਦਾ ਹੈ। ਵਿਭਾਗ ਨੇ ਅਜਿਹੇ ਸਿਮਾਂ ਦੀ ਵਰਤੋਂ ਨੂੰ ਲੈ ਕੇ ਵੀ ਲੋਕਾਂ ਨੂੰ ਚੌਕਸ ਕੀਤਾ ਹੈ।

ਸਲਾਹ ਅਨੁਸਾਰ, IMEI ਨੰਬਰ ਨਾਲ ਛੇੜਛਾੜ ਜਾਂ ਉਸਨੂੰ ਬਦਲਿਆ ਗਿਆ ਹੋਵੇ ਤਾਂ ਅਜਿਹੇ ਮੋਬਾਈਲ ਦੀ ਵਰਤੋਂ ਵੀ ਗੈਰ-ਕਾਨੂੰਨੀ ਹੈ। ਇਸ ਤੋਂ ਇਲਾਵਾ, ਅਜਿਹੇ ਐਪਸ ਜਾਂ ਵੈੱਬਸਾਈਟਾਂ ਦੀ ਵਰਤੋਂ ਕਰਕੇ ਕਿਸੇ ਹੋਰ ਦੇ ਨੰਬਰ ਦੀ ਪਛਾਣ ਨਾਲ ਕਾਲ ਕਰਨਾ, ਜਿਸਨੂੰ ਆਮ ਤੌਰ ’ਤੇ ਕਾਲਿੰਗ ਆਈਡੀ ਬਦਲਣਾ ਕਿਹਾ ਜਾਂਦਾ ਹੈ, ਵੀ ਅਪਰਾਧ ਮੰਨਿਆ ਗਿਆ ਹੈ। ਸਰਕਾਰ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰਾਸ਼ਟਰੀ ਸੁਰੱਖਿਆ ਅਤੇ ਦੂਰਸੰਚਾਰ ਨੈੱਟਵਰਕ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ।