ਨਾਭਾ ਦੇ ਸਬ-ਇੰਸਪੈਕਟਰ ਗੁਰਪਿੰਦਰ ਸਿੰਘ ਬਣੇ ਇੰਸਪੈਕਟਰ, ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਵਰਦੀ ’ਤੇ ਸਟਾਰ ਲਗਾ ਕੇ ਦਿੱਤੀ ਵਧਾਈ
ਨਾਭਾ (ਅਮਨ ਗਰਗ): ਨਾਭਾ ਕੋਤਵਾਲੀ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਬ-ਇੰਸਪੈਕਟਰ ਗੁਰਪਿੰਦਰ ਸਿੰਘ ਨੂੰ ਪੁਲਿਸ ਵਿਭਾਗ ਵੱਲੋਂ ਤਰੱਕੀ ਦੇ ਕੇ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਤਰੱਕੀ ਨਾਲ ਪੁਲਿਸ ਵਿਭਾਗ ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ (ਐੱਸ.ਐੱਸ.ਪੀ.) ਸ੍ਰੀ ਹਰਮਨਦੀਪ ਸਿੰਘ ਹਾਂਸ (IPS) ਵੱਲੋਂ ਨਵ-ਨਿਯੁਕਤ ਇੰਸਪੈਕਟਰ ਗੁਰਪਿੰਦਰ ਸਿੰਘ ਦੀ ਵਰਦੀ ’ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਨਵੇਂ ਅਹੁਦੇ ਦੀ ਵਧਾਈ ਦਿੱਤੀ ਗਈ।
ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਗੁਰਪਿੰਦਰ ਸਿੰਘ ਦੀਆਂ ਹੁਣ ਤੱਕ ਦੀਆਂ ਸੇਵਾਵਾਂ ਅਤੇ ਉਨ੍ਹਾਂ ਦੀ ਇਮਾਨਦਾਰੀ ਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਰੱਕੀ ਦੇ ਨਾਲ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇੰਸਪੈਕਟਰ ਗੁਰਪਿੰਦਰ ਸਿੰਘ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਅਤੇ ਦ੍ਰਿੜਤਾ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਨਵ-ਨਿਯੁਕਤ ਇੰਸਪੈਕਟਰ ਗੁਰਪਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਪੁਲਿਸ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਇੰਸਪੈਕਟਰ ਗੁਰਪਿੰਦਰ ਸਿੰਘ ਨੂੰ ਤਰੱਕੀ ਦੀ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

