ਨਵੀਂ ਦਿੱਲੀ (ਅਮਿਤ ਨਖਵਾਲ): ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਕੁਇੱਕ-ਕਾਮਰਸ ਪਲੇਟਫਾਰਮ ਸਵਿਗੀ ਇੰਸਟਾਮਾਰਟ ਨੂੰ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ 9 ਨੋਟਿਸ ਜਾਰੀ ਕੀਤੇ ਹਨ। ਦੋਸ਼ ਹੈ ਕਿ ਪਲੇਟਫਾਰਮ ਰਾਹੀਂ ਗਾਹਕਾਂ ਨੂੰ ਸੜੇ ਹੋਏ ਆਂਡੇ, ਖ਼ਰਾਬ ਦੁੱਧ ਅਤੇ ਐਕਸਪਾਇਰੀ ਮਿਆਦ ਪੁੱਗ ਚੁੱਕੇ ਪੈਕਡ ਫੂਡ ਦੀ ਡਿਲੀਵਰੀ ਕੀਤੀ ਗਈ।

FSSAI ਨੇ ਸਵਿਗੀ ਇੰਸਟਾਮਾਰਟ ਤੋਂ ਪੂਰੇ ਮਾਮਲੇ ਬਾਰੇ ਸਪੱਸ਼ਟੀਕਰਨ ਅਤੇ ਕੰਪਲਾਇੰਸ ਰਿਪੋਰਟ ਮੰਗੀ ਹੈ। ਅਥਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਪਨੀ ਨਿਰਧਾਰਤ ਸਮੇਂ ਅੰਦਰ ਸੰਤੋਸ਼ਜਨਕ ਜਵਾਬ ਨਹੀਂ ਦਿੰਦੀ, ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

FSSAI ਵੱਲੋਂ ਸਾਂਝੇ ਕੀਤੇ ਵੇਰਵਿਆਂ ਮੁਤਾਬਕ, ਇੱਕ ਗੰਭੀਰ ਮਾਮਲੇ ਵਿੱਚ ਬੱਚਿਆਂ ਲਈ ਖਾਣ ਵਾਲਾ ਇੱਕ ਪ੍ਰੋਡਕਟ ਬਹੁਤ ਹੀ ਖ਼ਰਾਬ ਅਤੇ ਅਸੁਰੱਖਿਅਤ ਹਾਲਤ ਵਿੱਚ ਗਾਹਕ ਨੂੰ ਭੇਜਿਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪ੍ਰੋਡਕਟ ਵਿੱਚ ਨੁਕਸ ਸੀ ਅਤੇ ਉਸ ਨੂੰ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤਾ ਗਿਆ ਸੀ।

ਹੋਰ ਵੀ ਹੈਰਾਨੀਜਨਕ ਗੱਲ ਇਹ ਰਹੀ ਕਿ ਗਾਹਕ ਵੱਲੋਂ ਪ੍ਰੋਡਕਟ ਵਾਪਸ ਕਰਨ ਤੋਂ ਬਾਅਦ ਵੀ ਕਥਿਤ ਤੌਰ ‘ਤੇ ਉਹੀ ਖ਼ਰਾਬ ਪ੍ਰੋਡਕਟ ਮੁੜ ਡਿਲੀਵਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਗਾਹਕਾਂ ਨੇ ਵੀ ਸਵਿਗੀ ਇੰਸਟਾਮਾਰਟ ਰਾਹੀਂ ਸੜੇ ਆਂਡੇ, ਖ਼ਰਾਬ ਦੁੱਧ ਅਤੇ ਖ਼ਰਾਬ ਹੋ ਚੁੱਕੀਆਂ ਪੈਕੇਜਡ ਫੂਡ ਆਈਟਮਾਂ ਮਿਲਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਹੁਣ ਇਸ ਮਾਮਲੇ ਵਿੱਚ FSSAI ਕੰਪਨੀ ਦੇ ਜਵਾਬ ਦੀ ਉਡੀਕ ਕਰ ਰਹੀ ਹੈ। ਜੇਕਰ ਜਾਂਚ ਵਿੱਚ ਲਾਪਰਵਾਹੀ ਸਾਬਤ ਹੁੰਦੀ ਹੈ, ਤਾਂ ਸਵਿਗੀ ਇੰਸਟਾਮਾਰਟ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।