ਚੰਡੀਗੜ੍ਹ (ਅਮਿਤ ਨਖਵਾਲ): ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਸਥਾਨਕ ਨਗਰ ਨਿਗਮ, ਨਗਰ ਕੌਂਸਲ ਅਤੇ ਮੇਅਰ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਸ਼ਨੀਵਾਰ ਨੂੰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਅਤੇ ਚੋਣਾਂ ਦੌਰਾਨ ਕਥਿਤ ਧਾਂਦਲੀ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।

ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ‘ਆਪ’ ਸਰਕਾਰ ਨੇ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਵਾਰਡਾਂ ਦੀ ਹੱਦਬੰਦੀ ਤੋਂ ਲੈ ਕੇ ਨਾਮਜ਼ਦਗੀਆਂ, ਚੋਣ ਪ੍ਰਚਾਰ, ਵੋਟਿੰਗ ਅਤੇ ਵੋਟਾਂ ਦੀ ਗਿਣਤੀ ਤੱਕ ਹਰ ਪੜਾਅ ‘ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ‘ਆਪ’ ਕੋਲ ਬਹੁਮਤ ਨਹੀਂ ਸੀ, ਉੱਥੇ ਵੀ ਪ੍ਰਸ਼ਾਸਨ ਦੀ ਮਦਦ ਨਾਲ ਆਪਣੇ ਉਮੀਦਵਾਰਾਂ ਨੂੰ ਮੇਅਰ ਅਤੇ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

ਭਾਜਪਾ ਨੇ ਅਬੋਹਰ ਨਗਰ ਨਿਗਮ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ 50 ਮੈਂਬਰੀ ਹਾਊਸ ਵਿੱਚ ਭਾਜਪਾ ਕੋਲ 28 ਕੌਂਸਲਰਾਂ ਅਤੇ ਇੱਕ ਵਿਧਾਇਕ ਸਮੇਤ ਸਪੱਸ਼ਟ ਬਹੁਮਤ ਸੀ, ਜਦਕਿ ‘ਆਪ’ ਕੋਲ ਸਿਰਫ਼ 20 ਵੋਟਾਂ ਸਨ। ਇਸ ਦੇ ਬਾਵਜੂਦ ‘ਆਪ’ ਦਾ ਮੇਅਰ ਐਲਾਨ ਦਿੱਤਾ ਗਿਆ, ਜਿਸ ਦਾ ਭਾਜਪਾ ਨੇ ਵਿਰੋਧ ਕੀਤਾ। ਪਾਰਟੀ ਨੇ ਦੋਸ਼ ਲਗਾਇਆ ਕਿ ਰਾਜਪੁਰਾ, ਕਪੂਰਥਲਾ ਅਤੇ ਬਰਨਾਲਾ ਸਮੇਤ ਹੋਰ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਬੇਨਿਯਮੀਆਂ ਹੋਈਆਂ।

ਭਾਜਪਾ ਵੱਲੋਂ ਰਾਜਪਾਲ ਨੂੰ ਸੌਂਪੇ ਮੰਗ ਪੱਤਰ ਵਿੱਚ ਚੋਣਾਂ ਦੌਰਾਨ ਹੋਈਆਂ ਕਥਿਤ ਸੰਵਿਧਾਨਕ ਉਲੰਘਣਾਵਾਂ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਲਈ ਸੂਬਾ ਸਰਕਾਰ ਤੋਂ ਸੁਤੰਤਰ ਜਾਂਚ ਅਥਾਰਟੀ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਨਗਰ ਨਿਗਮਾਂ ਅਤੇ ਕੌਂਸਲਾਂ ਦੀ ਚੋਣ ਨਾਲ ਸਬੰਧਤ ਰਿਕਾਰਡ, ਵੀਡੀਓਗ੍ਰਾਫੀ ਅਤੇ ਦਸਤਾਵੇਜ਼ ਤਲਬ ਕਰਨ, ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਜਿੱਥੇ ਲੋੜ ਹੋਵੇ ਉੱਥੇ ਨਿਰਪੱਖ ਢੰਗ ਨਾਲ ਮੁੜ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ “ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਨਹੀਂ, ਸਗੋਂ ਲੁੱਟੀਆਂ ਹਨ।”

ਭਾਜਪਾ ਮੁਤਾਬਕ, ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਫ਼ਦ ਦੀਆਂ ਸ਼ਿਕਾਇਤਾਂ ਧਿਆਨ ਨਾਲ ਸੁਣੀਆਂ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਜੰਗੀ ਲਾਲ ਮਹਾਜਨ, ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਪਰਮਿੰਦਰ ਸਿੰਘ ਬਰਾੜ, ਅਮਨਜੋਤ ਕੌਰ ਰਾਮੂਵਾਲੀਆ, ਸੁਭਾਸ਼ ਸ਼ਰਮਾ, ਵਿਨੀਤ ਜੋਸ਼ੀ ਅਤੇ ਕਾਕਾ ਕੰਬੋਜ ਵੀ ਵਫ਼ਦ ਦਾ ਹਿੱਸਾ ਸਨ।