ਜਲੰਧਰ (ਅਮਿਤ ਨੱਖਵਾਲ): ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ਵਿੱਚ ਦੋ ਨੌਜਵਾਨ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਵਿੱਚ ਸੜਕ ’ਤੇ ਨੱਚਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਪਿਛੋਕੜ ਵਿੱਚ ਪੰਜਾਬੀ ਆਡੀਓ ਟਰੈਕ ਚੱਲ ਰਿਹਾ ਹੋਣ ਕਾਰਨ ਇਸ ਨੂੰ ਪੰਜਾਬ ਨਾਲ ਜੋੜ ਕੇ ਸੋਸ਼ਲ ਮੀਡੀਆ ’ਤੇ ਵਿਆਪਕ ਤੌਰ ’ਤੇ ਸਾਂਝਾ ਕੀਤਾ ਗਿਆ।

ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਵੀ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਗੰਭੀਰ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਆਪਣੀ ਪੋਸਟ ਰਾਹੀਂ ਪੰਜਾਬ ਦੀ ਮੌਜੂਦਾ ਸਥਿਤੀ ਅਤੇ ਸਰਕਾਰੀ ਨੀਤੀਆਂ ’ਤੇ ਵੀ ਸਵਾਲ ਉਠਾਏ।

ਪੰਜਾਬ ਪੁਲਿਸ ਨੇ ਕੀਤਾ ਦਾਅਵੇ ਦਾ ਖੰਡਨ

ਹਰਭਜਨ ਸਿੰਘ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਤੁਰੰਤ ਮਾਮਲੇ ਦਾ ਨੋਟਿਸ ਲਿਆ। ਪੁਲਿਸ ਨੇ ਹਰਭਜਨ ਸਿੰਘ ਨੂੰ ਟੈਗ ਕਰਦਿਆਂ ਸਪੱਸ਼ਟ ਕੀਤਾ ਕਿ ਵਾਇਰਲ ਵੀਡੀਓ ਦਾ ਪੰਜਾਬ ਜਾਂ ਪੰਜਾਬ ਪੁਲਿਸ ਨਾਲ ਕੋਈ ਸਬੰਧ ਨਹੀਂ ਹੈ।

ਪੰਜਾਬ ਪੁਲਿਸ ਮੁਤਾਬਕ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵੀਡੀਓ ਪੰਜਾਬ ਦੀ ਨਹੀਂ, ਬਲਕਿ ਗੁਆਂਢੀ ਸੂਬੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਨਾਲ ਸਬੰਧਤ ਹੈ। ਇਸ ਤਰ੍ਹਾਂ ਵੀਡੀਓ ਨੂੰ ਪੰਜਾਬ ਨਾਲ ਜੋੜ ਕੇ ਪੇਸ਼ ਕੀਤਾ ਜਾਣਾ ਗਲਤ ਅਤੇ ਗੁੰਮਰਾਹਕੁੰਨ ਦੱਸਿਆ ਗਿਆ ਹੈ।

ਪੰਜਾਬੀ ਆਡੀਓ ਹੋਣ ਨਾਲ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ

ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵੀਡੀਓ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਤਰ੍ਹਾਂ ਤੱਥ-ਪੜਤਾਲ ਕੀਤੀ ਜਾਵੇ। ਪੁਲਿਸ ਨੇ ਕਿਹਾ ਕਿ ਕਿਸੇ ਵੀ ਵੀਡੀਓ ਵਿੱਚ ਪੰਜਾਬੀ ਭਾਸ਼ਾ ਜਾਂ ਪੰਜਾਬੀ ਆਡੀਓ ਟਰੈਕ ਹੋਣ ਦਾ ਮਤਲਬ ਇਹ ਨਹੀਂ ਕਿ ਘਟਨਾ ਪੰਜਾਬ ਵਿੱਚ ਹੀ ਵਾਪਰੀ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਗੁੰਮਰਾਹਕੁੰਨ ਜਾਣਕਾਰੀ ਸਾਂਝੀ ਨਾ ਕਰਨ ਅਤੇ ਕਿਸੇ ਵੀ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਟੈਗ ਕਰਨ ਤੋਂ ਪਹਿਲਾਂ ਘਟਨਾ ਦੀ ਸਹੀ ਜਗ੍ਹਾ ਅਤੇ ਤੱਥਾਂ ਦੀ ਜਾਂਚ ਜ਼ਰੂਰ ਕਰਨ।

ਰਿਪੋਰਟ: ਅਮਿਤ ਨੱਖਵਾਲ