
Skip to content

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਆਜ਼ਾਦੀ ਦਿਵਸ 15 ਅਗਸਤ ਦੇ ਉਪਲਕਸ਼ ’ਤੇ ‘ਤੇਰਾ ਤੇਰਾ ਹੱਟੀ’ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪਾਣੀ ਅਤੇ ਬਿਸਕੁਟ ਦਾ ਲੰਗਰ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਗਈ। ਆਜ਼ਾਦੀ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਟੇਡੀਅਮ ਪਹੁੰਚੇ ਲੋਕਾਂ ਅਤੇ ਰਾਹਗੀਰਾਂ ਨੂੰ ਸੇਵਾਦਾਰਾਂ ਵੱਲੋਂ ਠੰਡਾ ਪਾਣੀ ਅਤੇ ਬਿਸਕੁਟ ਸ਼ਰਧਾ ਭਾਵਨਾ ਨਾਲ ਵਰਤਾਏ ਗਏ।
ਗਰਮੀ ਦੇ ਮੌਸਮ ਨੂੰ ਦੇਖਦਿਆਂ ਲਗਾਇਆ ਗਿਆ ਇਹ ਲੰਗਰ ਲੋਕਾਂ ਲਈ ਖਾਸ ਤੌਰ ’ਤੇ ਲਾਹੇਵੰਦ ਸਾਬਤ ਹੋਇਆ। ‘ਤੇਰਾ ਤੇਰਾ ਹੱਟੀ’ ਦੇ ਸੇਵਾਦਾਰਾਂ ਨੇ ਪੂਰੀ ਸੇਵਾ ਭਾਵਨਾ ਨਾਲ ਲੋਕਾਂ ਨੂੰ ਪਾਣੀ ਅਤੇ ਬਿਸਕੁਟ ਮੁਹੱਈਆ ਕਰਵਾਏ। ਲੰਗਰ ਵਿੱਚੋਂ ਸੇਵਾ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸੇਵਾਦਾਰਾਂ ਨੇ ਕਿਹਾ ਕਿ ਸਿੱਖ ਧਰਮ ਵਿੱਚ ਸੇਵਾ ਨੂੰ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਹਰ ਮਹੱਤਵਪੂਰਨ ਦਿਹਾੜੇ ਨੂੰ ਲੋਕ ਭਲਾਈ ਅਤੇ ਮਨੁੱਖਤਾ ਦੀ ਸੇਵਾ ਨਾਲ ਜੋੜਨਾ ਸਮਾਜ ਵਿੱਚ ਸਾਂਝ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਸਮਾਜ ਦੀ ਭਲਾਈ ਲਈ ਆਪਣਾ ਯੋਗਦਾਨ ਪਾਈਏ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਈਏ। ਉਨ੍ਹਾਂ ਦੱਸਿਆ ਕਿ ‘ਤੇਰਾ ਤੇਰਾ ਹੱਟੀ’ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਲੋਕ-ਭਲਾਈ ਅਤੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ।
ਇਸ ਮੌਕੇ ਤਰਵਿੰਦਰ ਸਿੰਘ ਰਿੰਕੂ ਮੁੱਖ ਸੇਵਾਦਾਰ ਤੇਰਾ ਤੇਰਾ ਹੱਟੀ ਸਮਰਥ ਬੀਰ ਸਿੰਘ, ਅਮਰਪ੍ਰੀਤ ਸਿੰਘ ਰਿੰਕੂ , ਰਵਿੰਦਰ ਸਿੰਘ, ਆਰਿਆਨ ਬੱਤਰਾ, ਕਾਰਤਿਕ ਬੱਤਰਾ, ਅਮਨਦੀਪ ਸਿੰਘ, ਦਮਨਜੋਤ ਸਿੰਘ, ਸੰਜੀਵ ਸ਼ਰਮਾ, ਪਰਮਿੰਦਰ ਸਿੰਘ, ਹਰਤਾਰਮਨ ਸਿੰਘ, ਜਸਵਿੰਦਰ ਸਿੰਘ ਪਨਸੇਰ ,ਅਰਸ਼ਦੀਪ ਸਿੰਘ ਕਾਲੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ।
‘ਤੇਰਾ ਤੇਰਾ ਹੱਟੀ’ ਵੱਲੋਂ ਆਜ਼ਾਦੀ ਦਿਵਸ ਮੌਕੇ ਕੀਤਾ ਗਿਆ ਇਹ ਉਪਰਾਲਾ ਲੋਕਾਂ ਵਿੱਚ ਸੇਵਾ, ਸਾਂਝ ਅਤੇ ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦਾ ਨਜ਼ਰ ਆਇਆ। ਮੈਂਬਰਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਭਾਵਨਾ ਨਾਲ ਲੋਕ-ਭਲਾਈ ਦੇ ਕਾਰਜ ਕਰਦੇ ਰਹਿਣਗੇ।

Related