ਬਰਨਾਲਾ – ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਧਾਗਾ ਮਿੱਲ ਕੋਲ ਇੱਕ ਜ਼ਬਰਦਸਤ ਸੜਕ ਹਾਦਸੇ ’ਚ ਇਕਲੋਤੇ ਅਤੇ ਲਗਭਗ 22 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਵਪਾਰੀ ਸਾਹਿਲ ਗੋਇਲ ਪੁੱਤਰ ਰਾਹੁਲ ਗੋਇਲ ਵਾਸੀ ਰਾਮਪੁਰਾ ਫੂਲ, ਜੋ ਕਾਰ ‘ਤੇ ਸਵਾਰ ਹੋ ਕੇ ਤਪਾ ਵੱਲ ਨੂੰ ਉਗਰਾਹੀ ਕਰਨ ਲਈ ਆ ਰਿਹਾ ਸੀ। ਜਦੋਂ ਉਹ ਧਾਗਾ ਮਿੱਲ ਕੋਲ ਪੁੱਜਾ ਤਾਂ ਅੱਗੇ ਜਾ ਰਹੇ ਸਿਲੰਡਰਾਂ ਦੀ ਭਰੇ ਕੈਂਟਰ ਨੇ ਇੱਕਦਮ ਬਰੇਕਾਂ ਲਾਉਣ ਕਾਰਨ ਕਾਰ ਗੱਡੀ ਦੇ ਹੇਠਾਂ ਵੜ੍ਹ ਗਈ। ਕਾਰ ਸਵਾਰ ਵਪਾਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਇੱਕ ਟੈਂਪੂ ਵਾਲੇ ਨੇ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਫੂਲ ਦਾਖਲ ਕਰਵਾਇਆ ਪਰ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਲਾਸ਼ ਨੂੰ ਮੋਰਚਰੀ ਰੂਮ ’ਚ ਰੱਖ ਦਿੱਤਾ। ਜਦ ਘਟਨਾ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਤੁਰੰਤ ਘਟਨਾ ਥਾਂ ‘ਤੇ ਪਹੁੰਚੇ ਅਤੇ ਦੱਸਿਆ ਕਿ ਮ੍ਰਿਤਕ ਸਾਹਿਲ ਗੋਇਲ ਦਾ ਲਗਭਗ 22 ਦਿਨ ਪਹਿਲਾਂ ਹੀ ਪਿੰਡ ਪੰਧੇਰ ‘ਚ ਵਿਆਹ ਹੋਇਆ ਸੀ ਅਤੇ ਮਾਂ-ਪਿਉ ਦਾ ਇੱਕਲੋਤਾ ਬੇਟਾ ਸੀ। ਇਸ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਹਸਪਤਾਲ ਰਾਮਪੁਰਾ ਤੋਂ ਰੁਕਾ ਮਿਲਣ ‘ਤੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਸਮੇਤ ਪੁਲਸ ਟੀਮ ਘਟਨਾ ਥਾਂ ‘ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।