(ਜਲੰਧਰ)ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨਾਨਕਸ਼ਾਹੀ ਸੰਮਤ ਤੋਂ ਚੱਲ ਰਹੀ ਤੀਜੇ ਸਾਲ ਦੀ ਸਹਿਜ ਪਾਠਾਂ ਦੀ ਲੜੀ ਦੀ ਸੰਪੂਰਨਤਾ ਅਤੇ ਚੌਥੇ ਸਾਲ ਦੀ ਲੜੀ ਦੀ ਆਰੰਭਤਾ ਦੇ ਮੌਕੇ ਤੇ ਭਾਰੀ ਗੁਰਮਤਿ ਸਮਾਗਮ ਦੇ ਦੀਵਾਨ ਸਜਾਏ ਗਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕਿਰਪਾਲ ਸਿੰਘ ਅਤੇ ਬੀਬੀ ਮਹਿੰਦਰ ਕੌਰ ਦੇ ਪ੍ਰਵਾਰ ਵਲੋਂ ਸਹਿਜ ਪਾਠ ਦੀ ਸੰਪੂਰਨਤਾ ਹੋਈ ਅਤੇ ਸਮੂਹ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ ਗਿਆ। ਗੁਰੂ ਘਰ ਵਲੋਂ ਪ੍ਰਵਾਰ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਨਿਵਾਜਿਆ ਗਿਆ। ਚੌਥੇ ਸਾਲ ਦੀ ਲੜੀ ਦੇ ਪਹਿਲੇ ਸਹਿਜ ਪਾਠ ਦੀ ਸੇਵਾ ਅਕਾਲੀ ਰਛਪਾਲ ਵਲੋਂ ਸ਼ੁਰੂ ਹੋਈ ਜਿਸ ਦੀ ਸੰਪੂਰਨਤਾ ਅਗਲੇ ਐਤਵਾਰ ਨੂੰ ਹੋਵੇਗੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ, ਭਗਤੀ ਅਤੇ ਸ਼ਕਤੀ ਦਾ ਸੁਮੇਲ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਦਾ ਨੀਂਹ ਪੱਥਰ ਪੰਜਾਂ ਪਿਆਰਿਆਂ ਵਲੋਂ ਰੱਖਿਆ ਗਿਆ ਜਿਸ ਦੀ ਅਗਵਾਈ ਸ੍ਰ ਬੇਅੰਤ ਸਿੰਘ ਸਰਹੱਦੀ, ਦਵਿੰਦਰ ਸਿੰਘ ਰਹੇਜਾ, ਗਿ. ਗੁਰਮੀਤ ਸਿੰਘ, ਹਰਬੰਸ ਸਿੰਘ ਅਤੇ ਬਲਵੰਤ ਸਿੰਘ ਜੀ ਨੇ ਕੀਤੀ। ਬੈਂਡ ਵਾਜਿਆਂ ਦੀਆਂ ਧੁੰਨਾਂ ਅਤੇ ਜੈਕਾਰਿਆਂ ਦੀ ਗੂੰਜ ਹੇਠ ਸਥਾਪਿਤ ਹੋਣ ਵਾਲੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਇਕ ਨਿਸ਼ਾਨ ਸਾਹਿਬ ਦੀ ਸੇਵਾ ਸ੍ਰ ਸਰਬਜੀਤ ਸਿੰਘ, ਵਰਿੰਦਰਪਾਲ ਸਿੰਘ (ਵਰਿੰਦਰਾ ਟੂਲਜ਼) ਵਲੋਂ ਅਤੇ ਦੂਜੇ ਨਿਸ਼ਾਨ ਸਾਹਿਬ ਦੀ ਸੇਵਾ ਸ੍ਰ ਮਨਜੀਤ ਸਿੰਘ ਸੇਠੀ ਦੇ ਪ੍ਰਵਾਰ ਵਲੋਂ ਕਰਵਾਈ ਜਾ ਰਹੀ ਹੈ। ਸਰਹੱਦੀ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੂਰੁ ਘਰ ਵਿਖੇ ਦੂਰੋਂ ਦਿਸਦੇ ਨਿਸ਼ਾਨ ਸਾਹਿਬ ਇਸ ਗਲ ਦਾ ਪ੍ਰਤੀਕ ਹੁੰਦੇ ਹਨ ਕਿ ਇਥੇ ਨਾ ਸਿਰਫ਼ ਕਿਸੇ ਵੀ ਲੋੜਵੰਦ ਦੀ ਲੰਗਰ ਪ੍ਰਸ਼ਾਦਿ ਆਦਿ ਨਾਲ ਲੋੜ ਪੂਰੀ ਹੁੰਦੀ ਹੈ ਸਗੋਂ ਕੌਮ ਦੀ ਇਕੋ ਨਿਸ਼ਾਨ ਸਾਹਿਬ ਹੇਠ ਰਾਜਨੀਤਕ ਅਗਵਾਈ ਕਰਨ ਦੀ ਨਿਸ਼ਾਨੀ ਅਤੇ ਖਾਲਸਾ ਪੰਥ ਦੀ ਸ਼ਕਤੀ ਦੇ ਪ੍ਰਤੀਕ ਵਜੋਂ ਵੀ ਜਾਣਿਆ ਜਾਂਦਾ ਹੈ। ਹਰ ਸਿੱਖ ਰੋਜ਼ਾਨਾ ਅਰਦਾਸ ਕਰਦਾ ਹੈ ਕਿ “ਲਾਗਤੇ ਦੀਵਾਨ ਰਹੇਂ ਗੁਰੂ ਮਹਾਰਾਜ ਕੇ, ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ”। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਸੰਗਤਾਂ ਦੀ ਬੜੇ ਲੰਮੇ ਸਮੇਂ ਤੋਂ ਇੱਛਾ ਸੀ ਕਿ ਇਥੇ ਮੀਰੀ ਅਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਝੂਲਦੇ ਹੋਣ। ਅੱਜ ਸਤਿਗੁਰੂ ਜੀ ਨੇ ਆਪ ਕ੍ਰਿਪਾ ਕਰਕੇ ਆਪਣੇ ਸੇਵਕਾਂ ਪਾਸੋਂ ਇਹ ਸੇਵਾ ਦੇ ਕਾਰਜ ਕਰਵਾਏ ਹਨ। ਸ੍ਰ ਅਮਰਜੀਤ ਸਿੰਘ ਭਾਟੀਆ ਨੇ ਸਾਰੇ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਰਾਹੀਂ ਸੰਗਤਾਂ ਤੱਕ ਪਹੁੰਚਾਣ ਦੀ ਸੇਵਾ ਅਤੇ ਗੁਰਚਰਨ ਸਿੰਘ ਗੁਲਾਟੀ ਦੀ ਅਗਵਾਈ ਵਿੱਚ ਨਿਰਵੈਰ ਸੇਵਾ ਸੁਸਾਇਟੀ ਵਲੋਂ ਲੰਗਰ ਬਨਾਉਣ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕੀਤੀ। ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਸ ਮਹਾਨ ਸੇਵਾ ਦੇ ਕਾਰਜ ਵਿੱਚ ਤਨ-ਮਨ-ਧਨ ਨਾਲ ਹਾਜ਼ਰੀ ਭਰ ਕੇ ਸੇਵਾ ਕੀਤੀ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਸਰਾਫ਼, ਜਗਜੀਤ ਸਿੰਘ ਖਜਾਨਚੀ, ਬਲਵਿੰਦਰ ਸਿੰਘ ਹੇਅਰ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਸਤਪਾਲ ਸਿੰਘ ਅਲਗ, ਅਮਰਪ੍ਰੀਤ ਸਿੰਘ (ਵੈਲਕਮ ਗਰੁੱਪ), ਬਿਸ਼ਨ ਸਿੰਘ, ਆਦਿ ਪਤਵੰਤੇ ਸੱਜਣ ਹਾਜ਼ਰ ਸਨ।