
Skip to content

ਮੋਹਾਲੀ | ਅਮਿਤ ਨੱਖਵਾਲ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ਵਿੱਚ ਲੈੱਡ (ਸੀਸਾ) ਮੁਕਤ ਅਤੇ ਵਾਤਾਵਰਣ ਅਨੁਕੂਲ ਪੇਂਟਾਂ ਦੀ ਵਰਤੋਂ ਕਰਨ ਦੀ ਅਪੀਲ ਤੋਂ ਬਾਅਦ ਇੱਕ ਵਾਰ ਫਿਰ ਲੈੱਡ ਵਾਲੇ ਪੇਂਟਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਖ਼ਤਰਾ ਸਿਰਫ਼ ਨਵੇਂ ਪੇਂਟ ਤੋਂ ਨਹੀਂ, ਸਗੋਂ ਸਾਲਾਂ ਪੁਰਾਣੀਆਂ ਕੰਧਾਂ ਤੋਂ ਝੜ ਰਹੀ ਪੇਂਟ ਦੀ ਧੂੜ ਤੋਂ ਵੀ ਹੈ, ਜੋ ਖ਼ਾਸ ਕਰਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਗੰਭੀਰ ਸਿਹਤ ਖ਼ਤਰਾ ਬਣ ਸਕਦੀ ਹੈ।
ਮਾਹਿਰਾਂ ਅਨੁਸਾਰ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਲੈੱਡ ਵਾਲੇ ਪੇਂਟਾਂ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾਂਦੀ ਰਹੀ। ਚਮਕੀਲੇ ਰੰਗ, ਟਿਕਾਊਪਣ ਅਤੇ ਘੱਟ ਲਾਗਤ ਕਾਰਨ ਇਹ ਪੇਂਟ ਘਰਾਂ, ਸਕੂਲਾਂ, ਹਸਪਤਾਲਾਂ, ਖਿਡੌਣਿਆਂ ਅਤੇ ਫਰਨੀਚਰ ਤੱਕ ਵਰਤੇ ਜਾਂਦੇ ਸਨ। ਹਾਲਾਂਕਿ ਬਾਅਦ ਦੀਆਂ ਵਿਗਿਆਨਕ ਖੋਜਾਂ ਨੇ ਸਾਬਤ ਕੀਤਾ ਕਿ ਲੈੱਡ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਪੁਰਾਣਾ ਪੇਂਟ ਝੜਦਾ ਹੈ ਜਾਂ ਮੁਰੰਮਤ ਦੌਰਾਨ ਰਗੜ ਕੇ ਹਟਾਇਆ ਜਾਂਦਾ ਹੈ ਤਾਂ ਉਸ ਵਿਚੋਂ ਨਿਕਲਣ ਵਾਲੀ ਬਾਰੀਕ ਧੂੜ ਵਿੱਚ ਲੈੱਡ ਦੇ ਕਣ ਹੁੰਦੇ ਹਨ। ਛੋਟੇ ਬੱਚੇ ਫਰਸ਼ ‘ਤੇ ਖੇਡਦੇ ਸਮੇਂ ਜਾਂ ਕੰਧਾਂ ਨੂੰ ਹੱਥ ਲਗਾ ਕੇ ਇਹ ਕਣ ਅਣਜਾਣੇ ਵਿੱਚ ਮੂੰਹ ਰਾਹੀਂ ਸਰੀਰ ਵਿੱਚ ਪਹੁੰਚਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ‘ਤੇ ਗੰਭੀਰ ਅਸਰ ਪੈ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ (WHO) ਅਤੇ ਯੂਨੀਸੈੱਫ ਵੀ ਚੇਤਾਵਨੀ ਦੇ ਚੁੱਕੇ ਹਨ ਕਿ ਲੈੱਡ ਦੇ ਸੰਪਰਕ ਵਿੱਚ ਆਉਣ ਨਾਲ ਬੱਚਿਆਂ ਦੀ ਬੁੱਧੀ, ਸਿੱਖਣ ਦੀ ਸਮਰੱਥਾ, ਧਿਆਨ ਕੇਂਦਰਿਤ ਕਰਨ ਦੀ ਯੋਗਤਾ ਅਤੇ ਵਿਵਹਾਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਗੰਭੀਰ ਮਾਮਲਿਆਂ ਵਿੱਚ ਇਹ ਦੌਰੇ, ਕੋਮਾ ਅਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਗਰਭਵਤੀ ਔਰਤਾਂ ਵਿੱਚ ਲੈੱਡ ਪਲੇਸੈਂਟਾ ਰਾਹੀਂ ਗਰਭ ਵਿੱਚ ਪਲ ਰਹੇ ਬੱਚੇ ਤੱਕ ਪਹੁੰਚ ਕੇ ਉਸ ਦੇ ਦਿਮਾਗੀ ਅਤੇ ਸਰੀਰਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਘਰ ਬਣਾਉਣ ਜਾਂ ਪੁਰਾਣੇ ਘਰਾਂ ਦੀ ਮੁਰੰਮਤ ਦੌਰਾਨ ਸਿਰਫ਼ ਲੈੱਡ-ਮੁਕਤ ਪੇਂਟ ਦੀ ਹੀ ਵਰਤੋਂ ਕੀਤੀ ਜਾਵੇ। ਜੇਕਰ ਕਿਸੇ ਇਮਾਰਤ ਵਿੱਚ ਪੁਰਾਣਾ ਪੇਂਟ ਝੜ ਰਿਹਾ ਹੋਵੇ ਤਾਂ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਹਟਾਇਆ ਜਾਵੇ ਅਤੇ ਬੱਚਿਆਂ ਨੂੰ ਅਜਿਹੀਆਂ ਥਾਵਾਂ ਤੋਂ ਦੂਰ ਰੱਖਿਆ ਜਾਵੇ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਤਾਜ਼ਾ ਅਪੀਲ ਤੋਂ ਬਾਅਦ ਹੁਣ ਇਹ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ ਪੰਜਾਬ ਦੇ ਪੁਰਾਣੇ ਘਰਾਂ, ਸਕੂਲਾਂ ਅਤੇ ਸਰਕਾਰੀ ਇਮਾਰਤਾਂ ਵਿੱਚ ਵਰਤੇ ਗਏ ਪੇਂਟ ਕਿੰਨੇ ਸੁਰੱਖਿਅਤ ਹਨ ਅਤੇ ਕੀ ਉਨ੍ਹਾਂ ਦੀ ਕਦੇ ਜਾਂਚ ਕੀਤੀ ਗਈ ਹੈ। ਇਹ ਮਾਮਲਾ ਹੁਣ ਸਿੱਧੇ ਤੌਰ ‘ਤੇ ਜਨਤਕ ਸਿਹਤ ਨਾਲ ਜੁੜ ਗਿਆ ਹੈ।
ਰਿਪੋਰਟ: ਅਮਿਤ ਨੱਖਵਾਲ
Related