ਦੇਸ਼ ਦੇ ਉੱਤਰੀ ਰਾਜਾਂ ਵਿਚ ਕੜਾਕੇ ਦੀ ਠੰਢ ਦਾ ਪ੍ਰਭਾਵ ਜਾਰੀ ਹੈ। ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਤੋਂ ਬਾਅਦ ਸੂਬੇ ਦੇ 5 ਇਲਾਕਿਆਂ ‘ਚ ਤਾਪਮਾਨ ਮਾਈਨਸ ਤਕ ਪਹੁੰਚ ਗਿਆ ਹੈ।ਹਿਮਾਚਲ ‘ਚ ਤਾਬੋ ਦਾ ਘੱਟੋ-ਘੱਟ ਤਾਪਮਾਨ -14.7 ਡਿਗਰੀ, ਸਾਮਦੋ ਦਾ -9.3 ਡਿਗਰੀ, ਕੁਕੁਮਸਾਈਰੀ ਦਾ -6.9 ਡਿਗਰੀ, ਕਲਪਾ ਦਾ -2 ਅਤੇ ਮਨਾਲੀ ਦਾ ਘੱਟੋ-ਘੱਟ ਤਾਪਮਾਨ -2.8 ਡਿਗਰੀ ਦਰਜ ਕੀਤਾ ਗਿਆ।
ਠੰਢ ਤੋਂ ਇਲਾਵਾ ਦੇਸ਼ ਦੇ 14 ਸੂਬਿਆਂ ‘ਚ ਸੰਘਣੀ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਹਵਾਈ ਅੱਡਾ ਜ਼ੀਰੋ ਵਿਜ਼ੀਬਿਲਟੀ ਕਾਰਨ ਬੰਦ ਕਰ ਦਿਤਾ ਗਿਆ। ਇੱਥੇ ਫਲਾਈਟ ਸੰਚਾਲਨ ਬੰਦ ਹੋ ਗਿਆ ਹੈ।ਸ਼ੁਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਵੀ ਵਿਜ਼ੀਬਿਲਟੀ 50 ਮੀਟਰ ਤਕ ਰਿਕਾਰਡ ਕੀਤੀ ਗਈ। ਇਸ ਕਾਰਨ ਸਪਾਈਸ ਜੈੱਟ, ਇੰਡੀਗੋ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ।
ਉੱਤਰ ਪ੍ਰਦੇਸ਼ ਵਿਚ ਵੀ 30 ਸ਼ਹਿਰਾਂ ਵਿਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਆਗਰਾ ਰੇਲਵੇ ਸਟੇਸ਼ਨ ‘ਤੇ ਟਰੇਨਾਂ 7 ਘੰਟੇ ਲੇਟ ਰਹੀਆਂ। ਬੁਲੰਦਸ਼ਹਿਰ ‘ਚ ਵਿਜ਼ੀਬਿਲਟੀ ਘਟ ਕੇ 5 ਮੀਟਰ ਰਹਿ ਗਈ।
ਇਸ ਦੇ ਨਾਲ ਹੀ ਮੱਧ ਪ੍ਰਦੇਸ਼ ‘ਚ ਧੁੰਦ ਕਾਰਨ ਕਈ ਥਾਵਾਂ ‘ਤੇ 100 ਮੀਟਰ ਦੀ ਦੂਰੀ ਤਕ ਵੀ ਦੇਖਣਾ ਮੁਸ਼ਕਿਲ ਹੋ ਰਿਹਾ ਹੈ। ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਸਕੂਲ ਬੰਦ ਕਰ ਦਿਤੇ ਗਏ। ਪਟਨਾ ਵਿਚ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ।