ਲੁਧਿਆਣਾ ਦੇ ਦੁੱਗਰੀ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ’ਚ ਜੈਨ ਮੰਦਰ ਨੇੜੇ ਇਕ ਮਕਾਨ ’ਚ ਘਰੇਲੂ ਗੈਸ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਲਾਸਟ ਤੋਂ ਬਾਅਦ ਘਰ ਦਾ ਸਾਰਾ ਸਾਮਾਨ ,ਮਕਾਨ ਦੀ ਛੱਤ ਅਤੇ ਕੰਧਾਂ ਵੀ ਨੁਕਸਾਨੀਆਂ ਗਈਆਂ ਹਨ।
ਪੀੜਤ ਰਾਜ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਨਰਾਤਾ ਹੋਣ ਕਾਰਨ ਉਹ ਘਰ ’ਚ ਜੋਤ ਜਗਾਉਣ ਤੋਂ ਬਾਅਦ ਕਿਸੇ ਜ਼ਰੂਰੀ ਲਈ ਕਮਰੇ ਨੂੰ ਬਾਹਰੋਂ ਬੰਦ ਕਰ ਕੇ ਬਾਜ਼ਾਰ ਚਲੀ ਗਈ। ਰਾਜ ਕੁਮਾਰੀ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਜੋਤ ਨੇੜੇ ਪਏ ਗੱਤੇ ਨੂੰ ਅੱਗ ਨੇ ਆਪਣੀ ਲਪੇਟ ’ਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਅੱਗ ਪੂਰੀ ਤਰ੍ਹਾਂ ਭੜਕ ਗਈ।
ਇਸ ਦੌਰਾਨ ਮੌਕੇ ’ਤੇ ਪਿਆ ਗੈਸ ਸਿਲੰਡਰ ਵੀ ਅੱਗ ਦੀਆਂ ਲਪਟਾਂ ਦੀ ਲਪੇਟ ’ਚ ਆ ਗਿਆ ਅਤੇ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਜਿਸ ਕਾਰਨ ਮਕਾਨ ਦੀਆਂ ਕੰਧਾਂ ਅਤੇ ਛੱਤ ਦਾ ਲੈਂਟਰ ਵੀ ਨੁਕਸਾਨਿਆ ਗਿਆ।
ਜਿਸ ਕਾਰਨ ਘਰ ਦਾ ਸਾਰਾ ਸਾਮਾਨ, ਕੱਪੜੇ, ਫ੍ਰਿਜ਼, ਵਾਸ਼ਿੰਗ ਮਸ਼ੀਨ, ਬੈੱਡ, ਲੱਕੜ ਦੀ ਅਲਮਾਰੀ ਅਤੇ ਚਾਰਜਿੰਗ ’ਤੇ ਲੱਗਾ ਮੋਬਾਈਲ ਫੋਨ ਸਭ ਕੁਝ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਹਾਦਸੇ ਸਮੇਂ ਮਕਾਨ ’ਚ ਕੋਈ ਵੀ ਵਿਅਕਤੀ ਮੌਜੂਦ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।