ਟ੍ਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹਰਦੀਪ 3 ਸਾਲ ਬਾਅਦ ਕੰਬੋਡੀਆ ਤੋਂ ਪਰਤਿਆ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਵਿਦੇਸ਼ ਜਾਣ ਦੇ ਨਾਂ ’ਤੇ ਟ੍ਰੈਵਲ ਏਜੰਟ ਦੀ ਕਥਿਤ ਧੋਖਾਧੜੀ ਦਾ ਸ਼ਿਕਾਰ ਹੋਏ ਜਲੰਧਰ ਵਾਸੀ ਹਰਦੀਪ ਕੁਮਾਰ ਦੀ ਕਰੀਬ ਤਿੰਨ ਸਾਲ ਬਾਅਦ ਕੰਬੋਡੀਆ ਤੋਂ ਸੁਰੱਖਿਅਤ ਭਾਰਤ ਵਾਪਸੀ ਹੋ ਗਈ ਹੈ। ਪਰਿਵਾਰ ਵੱਲੋਂ ਮਾਮਲਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਵੱਲੋਂ ਵਿਦੇਸ਼ ਮੰਤਰਾਲੇ ਅਤੇ ਕੰਬੋਡੀਆ ਸਥਿਤ ਭਾਰਤੀ ਮਿਸ਼ਨ ਨਾਲ ਲਗਾਤਾਰ ਤਾਲਮੇਲ ਕੀਤਾ ਗਿਆ।

ਪਰਿਵਾਰ ਮੁਤਾਬਕ, ਹਰਦੀਪ ਕੁਮਾਰ ਨੂੰ ਪੁਰਤਗਾਲ ਭੇਜਣ ਦਾ ਭਰੋਸਾ ਦੇ ਕੇ ਇੱਕ ਟ੍ਰੈਵਲ ਏਜੰਟ ਨੇ ਉਸ ਕੋਲੋਂ ਕਰੀਬ ਸਾਢੇ 7 ਲੱਖ ਰੁਪਏ ਲਏ ਸਨ। ਦੋਸ਼ ਹੈ ਕਿ ਪੁਰਤਗਾਲ ਭੇਜਣ ਦੀ ਬਜਾਏ ਉਸ ਨੂੰ ਪਹਿਲਾਂ ਥਾਈਲੈਂਡ ਅਤੇ ਬਾਅਦ ਵਿੱਚ ਕੰਬੋਡੀਆ ਭੇਜ ਦਿੱਤਾ ਗਿਆ। ਕੰਬੋਡੀਆ ਪਹੁੰਚਣ ਤੋਂ ਬਾਅਦ ਉਸ ਦਾ ਪਾਸਪੋਰਟ ਵੀ ਵਾਪਸ ਨਹੀਂ ਕੀਤਾ ਗਿਆ ਅਤੇ ਇਸ ਦੌਰਾਨ ਉਸ ਦਾ ਵੀਜ਼ਾ ਮਈ 2025 ਵਿੱਚ ਖ਼ਤਮ ਹੋ ਗਿਆ।

ਹਰਦੀਪ ਕੁਮਾਰ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਕੰਬੋਡੀਆ ਵਿੱਚ ਰਹਿੰਦਿਆਂ ਉਹ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਉਸ ਦੀ ਲੱਤ ਟੁੱਟ ਗਈ। ਹਾਦਸੇ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਢੁੱਕਵੇਂ ਇਲਾਜ ਅਤੇ ਹੋਰ ਸਹੂਲਤਾਂ ਤੋਂ ਵਾਂਝਾ ਰਿਹਾ ਅਤੇ ਕਰੀਬ 15 ਮਹੀਨੇ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਗੁਜ਼ਾਰਨ ਲਈ ਮਜਬੂਰ ਹੋਇਆ।

ਪਰਿਵਾਰ 9 ਜੂਨ 2026 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚਿਆ ਅਤੇ ਹਰਦੀਪ ਨੂੰ ਕੰਬੋਡੀਆ ਤੋਂ ਸੁਰੱਖਿਅਤ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਈ-ਮੇਲ ਰਾਹੀਂ ਤੁਰੰਤ ਦਖ਼ਲ ਦੀ ਅਪੀਲ ਕੀਤੀ ਗਈ। ਬਾਅਦ ਵਿੱਚ ਮਾਮਲਾ ਮੁੜ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਕੰਬੋਡੀਆ ਸਥਿਤ ਭਾਰਤੀ ਮਿਸ਼ਨ ਨਾਲ ਤਾਲਮੇਲ ਕਰਕੇ ਹਰਦੀਪ ਦੀ ਸਹਾਇਤਾ ਤੇ ਸੁਰੱਖਿਅਤ ਵਾਪਸੀ ਲਈ ਕਾਰਵਾਈ ਦੀ ਮੰਗ ਕੀਤੀ ਗਈ।

ਲਗਾਤਾਰ ਪੈਰਵੀ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਆਖ਼ਰਕਾਰ 29 ਅਗਸਤ 2026 ਨੂੰ ਹਰਦੀਪ ਕੁਮਾਰ ਸੁਰੱਖਿਅਤ ਭਾਰਤ ਵਾਪਸ ਪਹੁੰਚ ਕੇ ਆਪਣੇ ਪਰਿਵਾਰ ਨਾਲ ਮਿਲ ਗਿਆ।

ਪਰਿਵਾਰ ਨੇ ਹਰਦੀਪ ਦੀ ਵਾਪਸੀ ਲਈ ਮਾਮਲਾ ਵਿਦੇਸ਼ ਮੰਤਰਾਲੇ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਲਗਾਤਾਰ ਪੈਰਵੀ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਆਸ ਨਾਲ ਜਾਣ ਵਾਲੇ ਨੌਜਵਾਨਾਂ ਨੂੰ ਝੂਠੇ ਵਾਅਦਿਆਂ ਅਤੇ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ ਭੇਜਣ ਵਾਲੇ ਏਜੰਟਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਤੋਂ ਪਹਿਲਾਂ ਏਜੰਟ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾਵੇ ਅਤੇ ਕਾਨੂੰਨੀ ਤੇ ਸਰਕਾਰੀ ਤੌਰ ’ਤੇ ਪ੍ਰਮਾਣਿਤ ਰਸਤੇ ਰਾਹੀਂ ਹੀ ਵਿਦੇਸ਼ ਜਾਣ ਨੂੰ ਤਰਜੀਹ ਦਿੱਤੀ ਜਾਵੇ।