ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੀ ਕਾਰ ਦਾ ਐਕਸੀਡੈਂਟ, ਇੱਕ ਦੀ ਮੌਤ; ਪਤਨੀ ਤੇ ਬੱਚੇ ਜ਼ਖ਼ਮੀ

ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਇੱਕ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਦੋਵੇਂ ਬੱਚੇ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ, ਉੱਤਰਾਖੰਡ ਦੇ ਰਹਿਣ ਵਾਲੇ 46 ਸਾਲਾ ਨਰਿੰਦਰ ਕੁਮਾਰ ਆਪਣੀ ਪਤਨੀ ਰਿਤੇਸ, ਪੁੱਤਰ ਯਸ਼ ਕੁਮਾਰ ਅਤੇ ਧੀ ਰੀਆ ਕੁਮਾਰੀ ਨਾਲ ਆਲਟੋ ਕਾਰ ਵਿੱਚ ਵੈਸ਼ਨੋ ਦੇਵੀ ਤੋਂ ਵਾਪਸ ਘਰ ਪਰਤ ਰਹੇ ਸਨ। 16 ਜੂਨ ਸਵੇਰੇ ਕਰੀਬ 4:30 ਵਜੇ ਜਦੋਂ ਉਹਨਾਂ ਦੀ ਕਾਰ ਸਾਹਨੇਵਾਲ ਦੇ ਗੁਰਦੁਆਰਾ ਰੇਰੂ ਸਾਹਿਬ ਦੇ ਸਾਹਮਣੇ ਪਹੁੰਚੀ ਤਾਂ ਅੱਗੇ ਚੱਲ ਰਹੇ ਇੱਕ ਅਣਪਛਾਤੇ ਵਾਹਨ ਨੇ ਅਚਾਨਕ ਬ੍ਰੇਕ ਲਗਾ ਦਿੱਤੀ।

ਅਚਾਨਕ ਬ੍ਰੇਕ ਲੱਗਣ ਕਾਰਨ ਆਲਟੋ ਕਾਰ ਬੇਕਾਬੂ ਹੋ ਕੇ ਅੱਗੇ ਵਾਲੇ ਵਾਹਨ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਨਰਿੰਦਰ ਕੁਮਾਰ ਦੀ ਸਿਰ ਵਿੱਚ ਗੰਭੀਰ ਸੱਟ ਕਾਰਨ ਮੌਤ ਹੋ ਗਈ।

ਘਟਨਾ ਤੋਂ ਬਾਅਦ ਅਣਪਛਾਤੇ ਵਾਹਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸ਼ਿਕਾਇਤਕਰਤਾ ਰਜਨੀਸ਼ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਸਾਹਨੇਵਾਲ ਪੁਲਿਸ ਨੇ ਬੀਐਨਐਸ ਦੀਆਂ ਧਾਰਾਵਾਂ 281, 106, 125(ਏ), 125(ਬੀ) ਅਤੇ 324(4) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਫਰਾਰ ਡਰਾਈਵਰ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ।