ਕ੍ਰਿਕਟਰ ਵਿਰਾਟ ਕੋਹਲੀ 22.79 ਕਰੋੜ ਡਾਲਰ ਦੀ ਬ੍ਰਾਂਡ ਵੈਲਿਊ ਦੇ ਨਾਲ 2023 ’ਚ ਭਾਰਤ ਦੇ ਸੱਭ ਤੋਂ ਕੀਮਤੀ ‘ਸੈਲੀਬ੍ਰਿਟੀ’ ਬਣ ਗਏ ਹਨ।
ਸਲਾਹਕਾਰ ਕੰਪਨੀ ਕ੍ਰਾਲ ਦੀ ਇਕ ਰੀਪੋਰਟ ਮੁਤਾਬਕ ਕੋਹਲੀ ਨੇ ਰਣਵੀਰ ਸਿੰਘ ਨੂੰ ਪਿੱਛੇ ਛੱਡ ਕੇ 2022 ’ਚ 17.69 ਕਰੋੜ ਡਾਲਰ ਦੀ ਬ੍ਰਾਂਡ ਵੈਲਿਊ ’ਚ 29 ਫੀ ਸਦੀ ਦਾ ਵਾਧਾ ਦਰਜ ਕੀਤਾ ਹੈ। ਰਣਵੀਰ ਸਿੰਘ 20.31 ਕਰੋੜ ਡਾਲਰ ਦੀ ਬ੍ਰਾਂਡ ਵੈਲਿਊ ਨਾਲ ਦੂਜੇ ਨੰਬਰ ’ਤੇ ਰਹੇ। ਪਿਛਲੇ ਸਾਲ ਉਹ ਪਹਿਲੇ ਸਥਾਨ ’ਤੇ ਸੀ।

    ਕ੍ਰੋਲ ਦੀ ਸੈਲੀਬ੍ਰਿਟੀ ਬ੍ਰਾਂਡ ਵੈਲਿਊਏਸ਼ਨ ਰੀਪੋਰਟ 2023 ਦੇ ਅਨੁਸਾਰ, ਕੋਹਲੀ ਦੀ ਬ੍ਰਾਂਡ ਵੈਲਿਊ ਅਜੇ ਵੀ 2020 ’ਚ 237.7 ਮਿਲੀਅਨ ਡਾਲਰ ਦੇ ਪੱਧਰ ’ਤੇ ਨਹੀਂ ਪਹੁੰਚੀ ਹੈ। ‘ਜਵਾਨ’ ਅਤੇ ‘ਪਠਾਨ’ ਵਰਗੀਆਂ ਫਿਲਮਾਂ ਦੀ ਸਫਲਤਾ ’ਤੇ ਸਵਾਰ 58 ਸਾਲ ਦੇ ਅਦਾਕਾਰ 2023 ’ਚ ਬ੍ਰਾਂਡ ਵੈਲਿਊ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਰਹੇ। ਇਸ ਦੌਰਾਨ ਉਨ੍ਹਾਂ ਦੀ ਕੁਲ ਬ੍ਰਾਂਡ ਵੈਲਿਊ 12.07 ਕਰੋੜ ਡਾਲਰ ਰਹੀ। ਖਾਨ ਦੀ ਬ੍ਰਾਂਡ ਵੈਲਿਊ 2022 ’ਚ 5.57 ਕਰੋੜ ਡਾਲਰ ਸੀ ਅਤੇ ਉਹ ਸੂਚੀ ’ਚ ਦਸਵੇਂ ਸਥਾਨ ’ਤੇ ਸੀ।

    ਕੰਪਨੀ ਦੇ ਵੈਲਿਊਏਸ਼ਨ ਐਡਵਾਇਜ਼ਰੀ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਅਵਿਰਲ ਜੈਨ ਨੇ ਕਿਹਾ ਕਿ ਖਾਨ 2020 ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਚੋਟੀ ਦੇ ਪੰਜ ਬ੍ਰਾਂਡ ਸੈਲੀਬ੍ਰਿਟੀ ਬਣ ਗਏ ਹਨ। ਖਾਨ ਦੀ ਇਸ ਮਜ਼ਬੂਤ ਲੀਡ ਕਾਰਨ ਹੋਰ ਮਸ਼ਹੂਰ ਹਸਤੀਆਂ ਵੀ ਇਸ ਸੂਚੀ ’ਚ ਪਿੱਛੇ ਖਿਸਕ ਗਈਆਂ ਹਨ। ਇਸ ’ਚ ਅਕਸ਼ੈ ਕੁਮਾਰ 2022 ਦੇ ਤੀਜੇ ਸਥਾਨ ਤੋਂ 2023 ’ਚ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਬ੍ਰਾਂਡ ਵੈਲਿਊ 11.17 ਕਰੋੜ ਡਾਲਰ ਸੀ।

    ਇਸੇ ਤਰ੍ਹਾਂ ਆਲੀਆ ਭੱਟ 10.11 ਕਰੋੜ ਡਾਲਰ ਦੀ ਬ੍ਰਾਂਡ ਵੈਲਿਊ ਨਾਲ ਚੌਥੇ ਤੋਂ ਪੰਜਵੇਂ ਸਥਾਨ ’ਤੇ ਖਿਸਕ ਗਈ ਹੈ। ਦੀਪਿਕਾ ਪਾਦੁਕੋਣ 2023 ’ਚ 96 ਮਿਲੀਅਨ ਡਾਲਰ ਦੇ ਨਾਲ ਛੇਵੇਂ ਸਥਾਨ ’ਤੇ ਸੀ। ਹਾਲ ਹੀ ’ਚ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਮਹਿੰਦਰ ਸਿੰਘ ਧੋਨੀ 9.58 ਕਰੋੜ ਡਾਲਰ ਦੀ ਬ੍ਰਾਂਡ ਵੈਲਿਊ ਨਾਲ ਸੂਚੀ ’ਚ ਸੱਤਵੇਂ ਸਥਾਨ ’ਤੇ ਹਨ। ਸਚਿਨ ਤੇਂਦੁਲਕਰ 9.13 ਕਰੋੜ ਡਾਲਰ ਦੀ ਬ੍ਰਾਂਡ ਵੈਲਿਊ ਦੇ ਨਾਲ ਸੂਚੀ ’ਚ ਅੱਠਵੇਂ ਸਥਾਨ ’ਤੇ ਬਣੇ ਹੋਏ ਹਨ। ਇਸ ਸੂਚੀ ’ਚ ਸਲਮਾਨ ਖਾਨ ਦਸਵੇਂ ਸਥਾਨ ’ਤੇ ਹਨ। ਸਾਲ 2023 ’ਚ ਚੋਟੀ ਦੀਆਂ 25 ਮਸ਼ਹੂਰ ਹਸਤੀਆਂ ਦੀ ਕੁਲ ਬ੍ਰਾਂਡ ਵੈਲਿਊ 15.5 ਫੀ ਸਦੀ ਵਧ ਕੇ 1.9 ਅਰਬ ਡਾਲਰ ਰਹੀ। ਅਦਾਕਾਰਾ ਕਿਆਰਾ ਅਡਵਾਨੀ ਅਤੇ ਕੈਟਰੀਨਾ ਕੈਫ ਵੀ ਚੋਟੀ ਦੀਆਂ 25 ਮਸ਼ਹੂਰ ਹਸਤੀਆਂ ’ਚ ਸ਼ਾਮਲ ਹਨ।