ਫ਼ਰੀਦਕੋਟ, 25 ਅਗਸਤ (ਵਿਪਨ ਮਿੱਤਲ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ ਦੀ ਯੋਗ ਸਰਸਪ੍ਰਤੀ, ਜ਼ਿਲਾ ਨੋਡਲ ਅਫ਼ਸਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਜਸਬੀਰ ਸਿੰਘ ਜੱਸੀ ਅਤੇ ਪਿ੍ਰੰਸੀਪਲ ਗੁਰਿੰਦਰ ਕੌਰ ਰੂਪਰਾ ਦੀ ਯੋਗ ਅਗਵਾਈ ਹੇਠ ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਪਿੰਡ ਅਰਾਈਆਂ ਵਾਲਾ ਕਲਾਂ, ਪਿੰਡ ਪਿੱਪਲੀ, ਫ਼ਿਰੋਜ਼ਪੁਰ ਰੋਡ ਤੋਂ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ। ਇਸ ਰੈਲੀ ਤੋਂ ਪਹਿਲਾਂ ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਦੇ ਸਲੋਗਨ ਤਿਆਰ ਕੀਤੇ। ਇਹ ਸਲੋਗਨ ਦੌਰਾਨ ਸਾਈਕਲ ਅੱਗੇ ਲਗਾਏ ਗਏ। ਇਸ ਰੈਲੀ ਦੌਰਾਨ ਵਿਦਿਆਰਥੀਆਂ ਨੇ ਨਾਅਰਿਆਂ ਰਾਹੀਂ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸਫ਼ਲਤਾ ਨਾਲ ਸੰਦੇਸ਼ ਦਿੱਤਾ। ਇਸ ਰੈਲੀ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਸਕੂਲ ਦੇ ਅਧਿਆਪਕ ਅਮਨਦੀਪ ਸਿੰਘ ਨੇ ਕੀਤੀ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਗੁਰਿੰਦਰ ਕੌਰ ਰੂਪਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸ਼ਲਾਘਾ ਕਰਦੇ ਕਿਹਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਨਸ਼ਾ ਰਹਿਤ ਪੰਜਾਬ ਦੀ ਸਿਰਜਣਾ ’ਚ ਆਪੋ-ਆਪਣੇ ਪੱਧਰ ਤੇ ਸਹਿਯੋਗ ਕਰੀਏ। ਉਨ੍ਹਾਂ ਕਿਹਾ ਵਿਦਿਆਰਥੀ ਵਰਗ ਨੂੰ ਸਕੂਲ ਅੰਦਰ ਸਮੇਂ-ਸਮੇਂ ਤੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਅਤੇ ਜਾਗਰੂਕ ਕਰਨ ਵਾਸਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਅਤੇ ਸਕੂਲ ਅਧਿਆਪਕਾਂ ਵੱਲੋਂ ਨਸ਼ਿਆਂ ਦੇ ਨੁਕਸਾਨ ਦੱਸ ਕੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ।