
Skip to content
ਜਤਿੰਦਰ ਪਿੰਕਲ, ਫਿਰੋਜ਼ਪੁਰ : ਕਰੀਬ ਢਾਈ ਦਹਾਕਿਆਂ ਤੋਂ ਆਪਣੀ ਜ਼ਮੀਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਕਿਸਾਨ ਕੱਕਾ ਸਿੰਘ ਅੱਜ ਸਤਲੁਜ ਪ੍ਰੈੱਸ ਕਲੱਬ ਵਿੱਚ ਭਾਵੁਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਦੁੱਖਾਂ ਦਾ ਪਰਗਟਾਵਾ ਕਰਦਾ ਨਜ਼ਰ ਆਇਆ। ਉਸ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਬਾਅਦ ਅਤੇ ਅਦਾਲਤੀ ਕੇਸ ਜਿੱਤਣ ਉਪਰੰਤ ਵੀ ਉਹ ਅਜੇ ਤੱਕ ਆਪਣੀ ਜ਼ਮੀਨ ਦਾ ਕਾਨੂੰਨੀ ਅਤੇ ਹਕੀਕੀ ਮਾਲਕ ਸਾਬਤ ਨਹੀਂ ਹੋ ਸਕਿਆ।ਪੀੜਤ ਕਿਸਾਨ ਨੇ ਦੱਸਿਆ ਕਿ ਹਰ ਛੇ ਮਹੀਨੇ ਬਾਅਦ ਉਸ ਦੀ ਜ਼ਮੀਨ ‘ਤੇ ਹੋਣ ਵਾਲੀ ਫਸਲ ਨੂੰ ਦੂਜੀ ਧਿਰ ਵੱਲੋਂ ਵੱਢ ਕੇ ਲੈ ਜਾਇਆ ਜਾਂਦਾ ਹੈ, ਜਿਸ ਕਾਰਨ ਉਸ ਨੂੰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਅਦਾਲਤਾਂ ਤੋਂ ਇਨਸਾਫ਼ ਮਿਲਣ ਦੇ ਬਾਵਜੂਦ ਜੇ ਜ਼ਮੀਨ ‘ਤੇ ਕਬਜ਼ਾ ਨਾ ਮਿਲੇ ਤਾਂ ਆਮ ਆਦਮੀ ਲਈ ਕਾਨੂੰਨੀ ਪ੍ਰਕਿਰਿਆ ਦਾ ਕੀ ਲਾਭ ਰਹਿ ਜਾਂਦਾ ਹੈ।
ਕੱਕਾ ਸਿੰਘ ਦੇ ਨਾਲ ਪ੍ਰੈੱਸ ਕਾਨਫਰੰਸ ਵਿੱਚ ਪਹੁੰਚੇ ਸਾਲ 1992 ਤੋਂ ਪਹਿਲਾਂ ਦੇ ਜ਼ਮੀਨ ਦੇ ਅਸਲ ਮਾਲਕਾਂ ਦੇ ਵਾਰਸ ਨੇ ਵੀ ਮਾਮਲੇ ਨੂੰ ਸੱਚਾਈ ਨਾਲ ਜੋੜਦਿਆਂ ਦੂਜੀ ਧਿਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੇ-ਆਪਣੇ ਬੱਚਿਆਂ ਸਮੇਤ ਹਾਜ਼ਰ ਹੋ ਕੇ ਸਹੁੰ ਚੁੱਕਣ ਲਈ ਵੰਗਾਰਿਆ, ਤਾਂ ਜੋ ਸੱਚ ਲੋਕਾਂ ਸਾਹਮਣੇ ਆ ਸਕੇ।ਪੀੜਤ ਕਿਸਾਨ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਅਖੌਤੀ ਕਿਸਾਨ ਯੂਨੀਅਨ ਤੋਂ ਡਾਹਡੇ ਪ੍ਰੇਸ਼ਾਨ ਹਨ, ਜਿਨ੍ਹਾਂ ਵਲੋ ਉਨ੍ਹਾਂ ਦੀ ਫਸਲ ਨੂੰ ਜਬਰੀ ਕੱਟ ਲਿਆ ਜਾਂਦਾ ਹੈ। ਕੱਕਾ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗਾਂ ਦੀ ਬੇਰੁਖ਼ੀ ਕਾਰਨ ਉਸ ਦਾ ਪਰਿਵਾਰ ਲੰਮੇ ਸਮੇਂ ਤੋਂ ਸੰਤਾਪ ਭੋਗ ਰਿਹਾ ਹੈ। ਪੀੜਤ ਕਿਸਾਨ ਨੂੰ ਜਲਦ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਅਖੌਤੀ ਕਿਸਾਨ ਯੂਨੀਅਨ ਖ਼ਿਲਾਫ਼ ਵੱਡਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਕਿਸਾਨ ਨੂੰ ਆਪਣੀ ਹੀ ਜ਼ਮੀਨ ਲਈ ਦਹਾਕਿਆਂ ਤੱਕ ਭਟਕਣਾ ਪੈਣਾ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਗੱਲ ਹੈ।Related