ਪਰਿਵਾਰ ਦੀ ਸਿਹਤ ਲਈ ਔਰਤਾਂ ਦਾ ਤੰਦਰੁਸਤ ਰਹਿਣਾ ਜ਼ਰੂਰੀ — ਸੈਲਫ ਹੈਲਪ ਗਰੁੱਪਾਂ ਰਾਹੀਂ ਆਤਮਨਿਰਭਰ ਬਣਨ ਦੀ ਕੀਤੀ ਅਪੀਲ

ਜਤਿੰਦਰ ਪਿੰਕਲ, ਫ਼ਿਰੋਜ਼ਪੁਰ: ਫ਼ਿਰੋਜ਼ਪੁਰ: ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਵਿਖੇ ਇਲਾਕੇ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਾਹਤਕਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਡਾਇਰੈਕਟਰ ਰਾਸ਼ਟਰੀ ਮਹਿਲਾ ਕਮਿਸ਼ਨ ਸ੍ਰੀ ਰਾਮ ਅਵਤਾਰ ਸਿੰਘ ਅਤੇ ਏ.ਡੀ.ਸੀ. (ਵਿਕਾਸ) ਫ਼ਿਰੋਜ਼ਪੁਰ ਸ੍ਰੀ ਕ੍ਰਿਸ਼ਨ ਪਾਲ ਰਾਜਪੂਤ ਵੀ ਮੌਜੂਦ ਸਨ।

ਹਾਜ਼ਰ ਔਰਤਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਵਿਜਯਾ ਰਾਹਤਕਰ ਨੇ ਕਿਹਾ ਕਿ ਵਾਹਗੇ ਵਾਲ਼ਾ ਪਹੁੰਚਣਾ ਉਨ੍ਹਾਂ ਲਈ ਵਿਸ਼ੇਸ਼ ਮਹੱਤਤਾ ਵਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਉਹ ਵਾਹਗੇ ਵਾਲ਼ਾ ਨੂੰ ਭਾਰਤ ਦਾ ਆਖਰੀ ਪਿੰਡ ਨਹੀਂ, ਸਗੋਂ ਪਹਿਲਾ ਪਿੰਡ ਕਹਿਣਾ ਪਸੰਦ ਕਰਨਗੇ। ਉਨ੍ਹਾਂ ਪੰਜਾਬ ਦੀ ਇਸ ਧਰਤੀ ਦੀ ਮਿੱਟੀ ਨੂੰ ਮੱਥੇ ਨਾਲ ਲਾਉਣ ’ਤੇ ਮਾਣ ਮਹਿਸੂਸ ਕਰਦਿਆਂ ਸ਼ਹੀਦ ਭਗਤ ਸਿੰਘ ਨਾਲ ਜੁੜੀ ਇਸ ਧਰਤੀ ਨੂੰ ਨਮਨ ਕੀਤਾ।

ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਔਰਤਾਂ ਨੂੰ ਉਹ ਆਪਣੀਆਂ ਭੈਣਾਂ ਵਾਂਗ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਮਿਲਿਆ ਪਿਆਰ ਹਮੇਸ਼ਾ ਯਾਦ ਰਹੇਗਾ। ਔਰਤਾਂ ਦੇ ਸਮਾਜ ਅਤੇ ਪਰਿਵਾਰ ਵਿੱਚ ਮਹੱਤਵ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਲਈ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੰਦਰੁਸਤ ਔਰਤ ਹੀ ਆਪਣੇ ਪਰਿਵਾਰ ਦੀ ਸਿਹਤਮੰਦ ਢੰਗ ਨਾਲ ਦੇਖਭਾਲ ਕਰ ਸਕਦੀ ਹੈ।

ਸ੍ਰੀਮਤੀ ਰਾਹਤਕਰ ਨੇ ਔਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਪੜ੍ਹਿਆ-ਲਿਖਿਆ ਅਤੇ ਸੂਝਵਾਨ ਸਮਾਜ ਸਿਰਜਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਆਪ ਨੂੰ ਆਤਮਨਿਰਭਰ ਬਣਾਉਣ ਅਤੇ ਸੈਲਫ ਹੈਲਪ ਗਰੁੱਪਾਂ ਰਾਹੀਂ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ। ਉਨ੍ਹਾਂ ਔਰਤਾਂ ਨੂੰ ਪਰਿਵਾਰ ਅਤੇ ਸਮਾਜ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਚੇਅਰਪਰਸਨ ਨੇ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਦੀ ਮੁੱਖ ਅਧਿਆਪਕਾ ਸ੍ਰੀਮਤੀ ਨੈਨਸੀ ਅਰੋੜਾ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਅਤੇ ਸਕੂਲ ਦੀ ਸੁੰਦਰ ਦਿੱਖ ਦੀ ਸ਼ਲਾਘਾ ਕੀਤੀ। ਉਨ੍ਹਾਂ ਸਕੂਲ ਦੇ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਦਾ ਧੰਨਵਾਦ ਵੀ ਕੀਤਾ।

ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਨੈਨਸੀ ਅਰੋੜਾ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਾਹਤਕਰ ਦਾ ਸਕੂਲ ਵਿੱਚ ਪਹੁੰਚਣ ਅਤੇ ਇਲਾਕੇ ਦਾ ਮਾਣ ਵਧਾਉਣ ਲਈ ਤਹਿਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਡੀ.ਪੀ.ਓ. ਅਤੇ ਨੋਡਲ ਅਫ਼ਸਰ ਹੈਲਪ ਡੈਸਕ ਐਂਡ ਫਸਿਲੀਟੇਸ਼ਨ ਸੈਂਟਰ ਸ੍ਰੀਮਤੀ ਅਮਨ ਜੋਤੀ ਮਾਂਗਟ ਤੋਂ ਇਲਾਵਾ ਪਿੰਡ ਦੇ ਦੋਵੇਂ ਸਰਪੰਚ ਸੁਰਜੀਤ ਕੌਰ ਅਤੇ ਅਕਵਿੰਦਰ ਕੌਰ, ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਤੇ ਸਮੂਹ ਮੈਂਬਰ, ਪਟਵਾਰੀ, ਪੰਚਾਇਤ ਸਕੱਤਰ, ਆਂਗਨਵਾੜੀ ਸਟਾਫ਼, ਮਿਡ-ਡੇਅ ਮੀਲ ਵਰਕਰ, ਮੁੱਖ ਅਧਿਆਪਕਾ ਨੈਨਸੀ ਅਰੋੜਾ, ਸਟਾਫ਼ ਮੈਂਬਰ ਉਡੀਕ ਚੰਦ, ਕੁਲਦੀਪ ਸਿੰਘ, ਕਵਿਤਾ ਗੁਪਤਾ, ਵਿਨੇ ਸਚਦੇਵਾ, ਅਜੇ ਕੁਮਾਰ, ਦੀਪਿਕਾ, ਅੰਜੂ ਸਪਰਾ, ਛਿੰਦਰਪਾਲ ਕੌਰ, ਰਾਜਵੰਤ ਕੌਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਔਰਤਾਂ ਹਾਜ਼ਰ ਸਨ।