ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਸੋਮਵਾਰ ਨੂੰ ਹੋਈ ਗੋਲੀਬਾਰੀ ’ਚ ਫ਼ੌਜ ਦਾ ਇਕ ਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਜਵਾਨ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ’ਚ ਇਕ ਫਾਰਵਰਡ ਪੋਸਟ ’ਤੇ ਤਾਇਨਾਤ ਸੀ, ਜਦੋਂ ਉਸ ਨੂੰ ਗੋਲੀ ਲੱਗੀ ਅਤੇ ਉਸ ਨੂੰ ਤੁਰਤ ਮਿਲਟਰੀ ਹਸਪਤਾਲ ਲਿਜਾਇਆ ਗਿਆ।

    ਉਨ੍ਹਾਂ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਗੋਲੀ ਦੁਪਹਿਰ 2:40 ਵਜੇ ਦੇ ਕਰੀਬ ਕੰਟਰੋਲ ਰੇਖਾ ਦੇ ਪਾਰ ਤੋਂ ਆਈ ਸੀ। ਇਸ ਤੋਂ ਪਹਿਲਾਂ 8 ਫ਼ਰਵਰੀ ਨੂੰ ਅਤਿਵਾਦੀਆਂ ਨੇ ਕੇਰੀ ਸੈਕਟਰ ’ਚ ਕੰਟਰੋਲ ਰੇਖਾ ਦੇ ਪਾਰ ਜੰਗਲ ’ਚੋਂ ਫੌਜ ਦੇ ਇਕ ਗਸ਼ਤੀ ਦਲ ’ਤੇ ਗੋਲੀਬਾਰੀ ਕੀਤੀ ਸੀ।

    ਭਾਰਤੀ ਫ਼ੌਜੀਆਂ ਨੇ ਵੀ ਜਵਾਬੀ ਕਾਰਵਾਈ ’ਚ ਕੁੱਝ ਗੋਲੀਆਂ ਚਲਾਈਆਂ ਸਨ ਅਤੇ ਬਾਅਦ ’ਚ ਖੇਤਰ ’ਚ ਸਖਤ ਨਿਗਰਾਨੀ ਰੱਖਣ ਲਈ ਘੁਸਪੈਠ ਵਿਰੋਧੀ ਗਰਿੱਡ ਨੂੰ ਮਜ਼ਬੂਤ ਕੀਤਾ ਗਿਆ ਸੀ।