2027 ਦੀਆਂ ਚੋਣਾਂ ਨੂੰ ਲੈ ਕੇ ਰਾਕੇਸ਼ ਰਾਠੌਰ ਨੇ ਕੇਂਦਰੀ ਹਲਕੇ ਵਿੱਚ ਤੇਜ਼ ਕੀਤੀ ਜਨਸੰਪਰਕ ਮੁਹਿੰਮ, ਵਾਰਡ 67 ਅਤੇ 70 ਵਿੱਚ ਕੀਤੀਆਂ ਮੀਟਿੰਗਾਂ

ਜਲੰਧਰ, ਨਵੀਨ ਪੁਰੀ/ਅਰਸ਼ਦੀਪ ਸਿੰਘ ਕਾਲੜਾ।

ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਉਨ੍ਹਾਂ ਵੱਲੋਂ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗਾਂ ਕਰਕੇ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ।

ਇਸ ਮੁਹਿੰਮ ਤਹਿਤ ਵਾਰਡ ਨੰਬਰ 67 ਦੇ ਇੰਚਾਰਜ ਸੰਜੇ ਅਰੋੜਾ ਦੇ ਨਿਵਾਸ ਸਥਾਨ ਅਤੇ ਵਾਰਡ ਨੰਬਰ 70 ਵਿੱਚ ਰਾਜੀਵ ਦੇ ਨਿਵਾਸ ਸਥਾਨ ’ਤੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ, ਬੂਥ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਰਾਕੇਸ਼ ਰਾਠੌਰ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ, ਵਿਕਾਸ ਅਤੇ ਸੁਰੱਖਿਆ ਦੀ ਦਿਸ਼ਾ ਤੈਅ ਕਰਨ ਵਾਲੀਆਂ ਹੋਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੈ ਅਤੇ ਸੂਬੇ ਵਿੱਚ ਵਿਕਾਸ, ਸੁਸ਼ਾਸਨ ਤੇ ਜਵਾਬਦੇਹ ਸਰਕਾਰ ਦੀ ਉਮੀਦ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਚੋਣਾਂ ਤੱਕ ਹੀ ਸੀਮਤ ਨਹੀਂ ਰਹਿਣਗੇ, ਸਗੋਂ ਲਗਾਤਾਰ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ।

ਰਾਠੌਰ ਨੇ ਕਿਹਾ ਕਿ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਕੇਂਦਰੀ ਵਿਧਾਨ ਸਭਾ ਹਲਕੇ ਦੇ ਹਰੇਕ ਵਾਰਡ ਵਿੱਚ ਵਰਕਰਾਂ ਅਤੇ ਆਮ ਲੋਕਾਂ ਨਾਲ ਸੰਵਾਦ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਅਤੇ ਸੰਗਠਨ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਭਾਜਪਾ ਜ਼ਿਲ੍ਹਾ ਜਲੰਧਰ ਦੇ ਸਾਬਕਾ ਪ੍ਰਧਾਨ ਰਮਨ ਪੱਬੀ, ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿਜ, ਸੰਜੀਵ ਸ਼ਰਮਾ ਮਨੀ, ਮਯੰਕ ਵਿਆਸ, ਰਾਜੂ ਕਸ਼ਯਪ, ਨਰੇਸ਼ ਸ਼ਰਮਾ, ਨਰੇਸ਼ ਦੀਵਾਨ ਸਮੇਤ ਹੋਰ ਭਾਜਪਾ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।