ਹੁਨਰਮੰਦ ਔਰਤਾਂ ਹੀ ਮਜ਼ਬੂਤ ਸਮਾਜ ਦੀ ਨੀਂਹ, ਕਿੱਤਾਮੁਖੀ ਸਿਖਲਾਈ ਸਮੇਂ ਦੀ ਮੁੱਖ ਲੋੜ: ਡਾ. ਜੀ.ਐੱਲ. ਗੋਇਲ

ਫਗਵਾੜਾ (ਪੰਕਜ, ਮੁਨੀਸ਼): ਔਰਤਾਂ ਨੂੰ ਹੁਨਰਮੰਦ ਬਣਾਉਣਾ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮ-ਨਿਰਭਰ ਬਣਾਉਣਾ ਇੱਕ ਮਜ਼ਬੂਤ ਸਮਾਜ ਦੀ ਸਿਰਜਣਾ ਵੱਲ ਅਹਿਮ ਕਦਮ ਹੈ। ਹੁਨਰਮੰਦ ਔਰਤਾਂ ਹੀ ਮਜ਼ਬੂਤ ਸਮਾਜ ਦੀ ਨੀਂਹ ਹਨ ਅਤੇ ਉਨ੍ਹਾਂ ਨੂੰ ਸਹੀ ਸਿਖਲਾਈ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਹ ਵਿਚਾਰ ਸੇਵਾ ਮੁਕਤ ਡਾਇਰੈਕਟਰ ਜਨਰਲ ਹੈਲਥ ਪੰਜਾਬ ਅਤੇ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡਾ. ਜੀ.ਐੱਲ. ਗੋਇਲ ਨੇ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਹੁਸ਼ਿਆਰਪੁਰ ਰੋਡ, ਸਕੀਮ ਨੰਬਰ-3 ਵਿਖੇ ਚਲਾਏ ਜਾ ਰਹੇ ਕਿੱਤਾਮੁਖੀ ਸਿਖਲਾਈ ਸੈਂਟਰ ਦਾ ਦੌਰਾ ਕਰਨ ਮੌਕੇ ਪ੍ਰਗਟ ਕੀਤੇ। ਇਸ ਮੌਕੇ ਸੋਸਵਾ ਪੰਜਾਬ ਦੀ ਪ੍ਰੋਗਰਾਮਿੰਗ ਮੈਨੇਜਰ ਵਰਸ਼ਾ ਅਰੋੜਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਡਾ. ਗੋਇਲ ਨੇ ਸੈਂਟਰ ਵਿੱਚ ਚਲਾਏ ਜਾ ਰਹੇ ਵੱਖ-ਵੱਖ ਸਿਖਲਾਈ ਕੋਰਸਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਤਜਰਬਿਆਂ, ਸਿੱਖੇ ਜਾ ਰਹੇ ਹੁਨਰਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸੈਂਟਰ ਦੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਨਾਲ-ਨਾਲ ਸਵੈ-ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਦੇ ਹਨ।

ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਬਣਾਉਣਾ ਹੈ। ਸੈਂਟਰ ਵਿੱਚ ਬਿਊਟੀਸ਼ੀਅਨ, ਸਿਲਾਈ-ਕਟਾਈ, ਕੰਪਿਊਟਰ ਅਤੇ ਹੋਮ ਕੇਅਰ ਵਰਗੇ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਰਾਹੀਂ ਹੁਣ ਤੱਕ ਸੈਂਕੜੇ ਲੜਕੀਆਂ ਹੁਨਰ ਹਾਸਲ ਕਰਕੇ ਸਵੈ-ਰੁਜ਼ਗਾਰ ਨਾਲ ਜੁੜ ਚੁੱਕੀਆਂ ਹਨ ਅਤੇ ਆਪਣੇ ਪਰਿਵਾਰਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭਾ ਭਵਿੱਖ ਵਿੱਚ ਵੀ ਲੋੜ ਅਨੁਸਾਰ ਸਿਖਲਾਈ ਦੇ ਮੌਕਿਆਂ ਦਾ ਵਿਸਥਾਰ ਕਰਦੀ ਰਹੇਗੀ।

ਡਾ. ਜੀ.ਐੱਲ. ਗੋਇਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿੱਤਾਮੁਖੀ ਸਿੱਖਿਆ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। ਜੇਕਰ ਲੜਕੀਆਂ ਨੂੰ ਸਹੀ ਮਾਰਗਦਰਸ਼ਨ, ਵਿਹਾਰਕ ਸਿਖਲਾਈ ਅਤੇ ਆਪਣੀ ਯੋਗਤਾ ਦਿਖਾਉਣ ਦੇ ਮੌਕੇ ਮਿਲਣ ਤਾਂ ਉਹ ਆਪਣੇ ਦਮ ’ਤੇ ਰੁਜ਼ਗਾਰ ਹਾਸਲ ਕਰ ਸਕਦੀਆਂ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਸਿਖਿਆਰਥਣਾਂ ਦੀਆਂ ਲੋੜਾਂ ਅਤੇ ਰੁਜ਼ਗਾਰ ਦੇ ਬਦਲਦੇ ਮੌਕਿਆਂ ਨੂੰ ਧਿਆਨ ਵਿੱਚ ਰੱਖਦਿਆਂ ਸੈਂਟਰ ਵਿੱਚ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾਣ।

ਇਸ ਮੌਕੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਕਿੱਤਾਮੁਖੀ ਸਿੱਖਿਆ ਸਿਰਫ਼ ਰੁਜ਼ਗਾਰ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਔਰਤਾਂ ਵਿੱਚ ਆਤਮ-ਵਿਸ਼ਵਾਸ, ਸਵੈ-ਮਾਣ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਪੈਦਾ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ। ਜਦੋਂ ਕਿਸੇ ਲੜਕੀ ਦੇ ਹੱਥ ਵਿੱਚ ਹੁਨਰ ਆ ਜਾਂਦਾ ਹੈ ਤਾਂ ਉਹ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਸਹਾਰਾ ਵੀ ਬਣ ਸਕਦੀ ਹੈ। ਉਨ੍ਹਾਂ ਸਰਬ ਨੌਜਵਾਨ ਸਭਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮਾਜ ਦੇ ਹਰ ਵਰਗ ਨੂੰ ਅਜਿਹੇ ਸਿਖਲਾਈ ਕੇਂਦਰਾਂ ਦਾ ਘੇਰਾ ਵਧਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਸੈਂਟਰ ਦੇ ਮੈਨੇਜਰ ਜਗਜੀਤ ਸੇਠ, ਮੈਡਮ ਆਸ਼ੂ ਬੱਗਾ, ਮੈਡਮ ਸੀਮਾ ਰਾਣੀ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਸੁਖਪ੍ਰੀਤ ਕੌਰ, ਮੈਡਮ ਜਸਪ੍ਰੀਤ ਕੌਰ, ਸਰਬ ਨੌਜਵਾਨ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਗੁਲਸ਼ਨ ਕਪੂਰ ਅਤੇ ਰਣਜੀਤ ਸਿੰਘ ਬੇਦੀ ਤੋਂ ਇਲਾਵਾ ਬਲਜੀਤ, ਮੀਨਾਕਸ਼ੀ, ਹਰਪ੍ਰੀਤ, ਤਨੀਸ਼ਾ, ਮਨਪ੍ਰੀਤ, ਮੁਸਕਾਨ, ਪਾਰਚੀ, ਗੁਰਪ੍ਰੀਤ, ਕੰਚਨ, ਜਿਆ, ਆਰਤੀ, ਅੰਕਿਤਾ, ਅੰਜਲੀ, ਕੋਮਲ, ਹਰਕੋਮਲ, ਰਮਨ, ਮਾਨਸੀ ਅਤੇ ਖੁਸ਼ੀ ਸਮੇਤ ਹੋਰ ਸਿਖਿਆਰਥਣਾਂ ਤੇ ਸਟਾਫ਼ ਮੈਂਬਰ ਹਾਜ਼ਰ ਸਨ।