ਫਗਵਾੜਾ (ਪੁਨੀਤ) : ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਦੇ ਚਲਦਿਆਂ ਪਹਿਲਾਂ ਹੀ ਖਸਤਾ ਹਾਲ ਬੰਗਾ ਰੋਡ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ। ਸੜਕ ਵਿਚਕਾਰ ਪਏ ਟੋਏ ਕਾਫੀ ਜਿਆਦਾ ਵੱਡੇ ਅਤੇ ਡੂੰਘੇ ਹੋਏ ਗਏ ਸੀ। ਜਿਸ ਨਾਲ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਪੇਸ਼ ਆ ਰਹੀ ਸੀ। ਪਰ ਹੁਣ ਉਕਤ ਟੋਇਆਂ ਵਿੱਚ ਭੱਠੇ ਦੀ ਭੂਰ ਪਾ ਕੇ ਪੂਰੇ ਜਾਣ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਏ ਮੁਸੀਬਤ ਹੋਰ ਜਿਆਦਾ ਵੱਧ ਗਈ ਹੈ। ਜਿਸ ਬਾਰੇ ਗੱਲਬਾਤ ਕਰਦਿਆਂ ਇਲਾਕਾ ਨਿਵਾਸੀ ਦਵਿੰਦਰ ਭੱਲਾ, ਵਿਤਿਨ ਪੁਰੀ, ਸੀਮਾ ਬਜਾਜ, ਡਾ. ਅਜੇ ਓਹਰੀ, ਰਮੇਸ਼ ਸੁਨੇਜਾ, ਵੀਨਾ ਓਹਰੀ, ਨਵਕੋਰ, ਮੰਜੁਲਾ ਸ਼ਰਮਾ, ਨਵੀ ਕੌਰ ਆਦਿ ਨੇ ਦੱਸਿਆ ਕਿ ਪਹਿਲਾਂ ਤਾਂ ਵਾਹਨ ਦਾ ਟਾਇਰ ਅਚਾਨਕ ਟੋਏ ਵਿੱਚ ਪੈਣ ਨਾਲ ਹਾਦਸਾ ਵਾਪਰਨ ਦਾ ਖਤਰਾ ਸੀ ਪਰ ਹੁਣ ਜਦੋਂ ਕੋਈ ਵੱਡੀ ਗੱਡੀ ਤੇਜ ਰਫਤਾਰ ਦੇ ਨਾਲ ਲੰਘਦੀ ਹੈ ਤਾਂ ਬੰਗਾ ਰੋਡ ਦੇ ਇਹਨਾਂ ਟੋਇਆਂ ਵਿੱਚ ਪਾਈ ਭੱਠੇ ਦੀ ਭੂਰ ਉਡ ਕੇ ਪਿੱਛੇ ਆ ਰਹੇ ਪੈਦਲ ਜਾਂ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਪੈਂਦੀ ਹੈ। ਜਿਸ ਕਰਕੇ ਮੁਸੀਬਤ ਦੂਰ ਹੋਣ ਦੀ ਬਜਾਏ ਜਿਆਦਾ ਵੱਧ ਗਈ ਹੈ। ਦੂਸਰੇ ਪਾਸੇ ਬੰਗਾ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਟੋਇਆਂ ਵਿੱਚ ਪਾਈ ਗਈ ਭੱਠੇ ਦੀ ਭੂਰ ਉਡ ਕੇ ਉਹਨਾਂ ਦੀਆਂ ਦੁਕਾਨਾਂ ਅੰਦਰ ਪਹੁੰਚਦੀ ਹੈ ਜਿਸ ਕਰਕੇ ਉਹਨਾਂ ਨੂੰ ਸਾਰਾ ਦਿਨ ਡਸਟਿੰਗ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਨੇ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਇਹਨਾਂ ਟੋਇਆਂ ਦਾ ਪੈਚ ਵਰਕ ਕਰਕੇ ਸਹੀ ਢੰਗ ਨਾਲ ਮੁਰੰਮਤ ਕੀਤੀ ਜਾਵੇ। ਤਾਂ ਜੋ ਆਮ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਤੋਂ ਰਾਹਤ ਮਿਲ ਸਕੇ। ਇਸ ਬਾਰੇ ਗੱਲਬਾਤ ਕਰਨ ਤੇ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਇਸ ਸਮੱਸਿਆ ਨੂੰ ਜਲਦੀ ਦੂਰ ਕੀਤਾ ਜਾਵੇਗਾ।