ਪ੍ਰਾਪਰਟੀ ਆਈਡੀ ‘ਚ ਨਾਮ ਦਰੁਸਤ ਕਰਨ ਬਦਲੇ ਰਿਸ਼ਵਤ ਮੰਗਣ ਦਾ ਦੋਸ਼, ਪੁਰਾਣੇ ਬੱਸ ਅੱਡੇ ਤੋਂ ਹੋਈ ਗ੍ਰਿਫ਼ਤਾਰੀ

ਹਰਿਆਣਾ/ਅਮਿਤ ਨੱਖਵਾਲ: ਕਰਨਾਲ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਨੇ ਕਾਰਵਾਈ ਕਰਦਿਆਂ ਨਗਰ ਨਿਗਮ ਦੇ ਇੱਕ ਕਲਰਕ ਨੂੰ ਕਥਿਤ ਤੌਰ ‘ਤੇ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੌਰਵ ਰਾਣਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਕਰਨਾਲ ਵਾਸੀ ਕੁਲਦੀਪ ਆਪਣੀ ਪ੍ਰਾਪਰਟੀ ਆਈਡੀ ਵਿੱਚ ਦਰਜ ਨਾਮ ਨਾਲ ਸਬੰਧਤ ਗਲਤੀ ਨੂੰ ਠੀਕ ਕਰਵਾਉਣ ਲਈ ਨਗਰ ਨਿਗਮ ਦਫ਼ਤਰ ਗਿਆ ਸੀ। ਦੋਸ਼ ਹੈ ਕਿ ਇਸ ਕੰਮ ਨੂੰ ਕਰਨ ਦੇ ਬਦਲੇ ਕਲਰਕ ਗੌਰਵ ਰਾਣਾ ਵੱਲੋਂ ਉਸ ਕੋਲੋਂ 5,000 ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਕੁਲਦੀਪ ਨੇ ਮਾਮਲੇ ਦੀ ਸ਼ਿਕਾਇਤ ਏਸੀਬੀ ਕੋਲ ਕਰ ਦਿੱਤੀ।

ਸ਼ਿਕਾਇਤ ਮਿਲਣ ਉਪਰੰਤ ਏਸੀਬੀ ਟੀਮ ਨੇ ਮਾਮਲੇ ਦੀ ਜਾਂਚ ਕਰਕੇ ਟ੍ਰੈਪ ਦੀ ਯੋਜਨਾ ਬਣਾਈ। ਕਾਰਵਾਈ ਤਹਿਤ ਰਿਸ਼ਵਤ ਲਈ ਵਰਤੇ ਜਾਣ ਵਾਲੇ ਨੋਟਾਂ ‘ਤੇ ਰਸਾਇਣਕ ਪਾਊਡਰ ਲਗਾ ਕੇ ਉਨ੍ਹਾਂ ਦੇ ਨੰਬਰ ਦਰਜ ਕੀਤੇ ਗਏ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਇਹ ਨੋਟ ਦੇ ਕੇ ਮੁਲਜ਼ਮ ਨਾਲ ਸੰਪਰਕ ਕਰਨ ਲਈ ਭੇਜਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਗੌਰਵ ਰਾਣਾ ਨੇ ਕੁਲਦੀਪ ਨੂੰ ਪੈਸੇ ਦੇਣ ਲਈ ਕਰਨਾਲ ਦੇ ਪੁਰਾਣੇ ਬੱਸ ਅੱਡੇ ਨੇੜੇ ਬੁਲਾਇਆ। ਮੰਗਲਵਾਰ ਸਵੇਰੇ ਕਰੀਬ 9 ਵਜੇ ਜਿਵੇਂ ਹੀ ਕੁਲਦੀਪ ਨੇ ਕਥਿਤ ਤੌਰ ‘ਤੇ 5,000 ਰੁਪਏ ਗੌਰਵ ਨੂੰ ਦਿੱਤੇ, ਉੱਥੇ ਮੌਜੂਦ ਏਸੀਬੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਕਾਬੂ ਕਰ ਲਿਆ।

ਏਸੀਬੀ ਅਧਿਕਾਰੀਆਂ ਮੁਤਾਬਕ ਮੁਲਜ਼ਮ ਦੇ ਹੱਥਾਂ ‘ਤੇ ਰਸਾਇਣਕ ਪਾਊਡਰ ਦੇ ਨਿਸ਼ਾਨ ਵੀ ਮਿਲੇ ਹਨ। ਕਾਰਵਾਈ ਤੋਂ ਬਾਅਦ ਟੀਮ ਪਹਿਲਾਂ ਉਸਨੂੰ ਨਗਰ ਨਿਗਮ ਦਫ਼ਤਰ ਲੈ ਕੇ ਗਈ ਅਤੇ ਫਿਰ ਏਸੀਬੀ ਦਫ਼ਤਰ ਲਿਆਂਦਾ ਗਿਆ।

ਇੰਸਪੈਕਟਰ ਅਰਵਿੰਦ ਕੁਮਾਰ ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਤੋਂ ਬਾਅਦ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਏਸੀਬੀ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਸਮੇਤ ਹੋਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਰਿਪੋਰਟ:- ਅਮਿਤ ਨੱਖਵਾਲ