ਅਡਾਣੀ ਪਰਿਵਾਰ ਮੁੜ ਬਣਿਆ ਭਾਰਤ ਦੇ ਸਭ ਤੋਂ ਅਮੀਰਾਂ ਦੀ ਸੂਚੀ ’ਚ ਟਾਪ ’ਤੇ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ)  : ਫੋਰਬਸ ਇੰਡੀਆ ਵੱਲੋਂ ਜਾਰੀ 2026 ਦੀ 100 ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਵਿੱਚ ਗੌਤਮ ਅਡਾਣੀ ਅਤੇ ਉਨ੍ਹਾਂ ਦਾ ਪਰਿਵਾਰ ਮੁੜ ਪਹਿਲੇ ਸਥਾਨ ’ਤੇ ਰਿਹਾ ਹੈ। ਫੋਰਬਸ ਮੁਤਾਬਕ ਅਡਾਣੀ ਪਰਿਵਾਰ ਦੀ ਕੁੱਲ ਜਾਇਦਾਦ 112.7 ਅਰਬ ਡਾਲਰ (ਕਰੀਬ 10.81 ਲੱਖ ਕਰੋੜ ਰੁਪਏ) ਹੈ। ਪਿਛਲੇ ਇੱਕ ਸਾਲ ਦੌਰਾਨ ਉਨ੍ਹਾਂ ਦੀ ਜਾਇਦਾਦ ਵਿੱਚ 20.7 ਅਰਬ ਡਾਲਰ (ਕਰੀਬ 1.98 ਲੱਖ ਕਰੋੜ ਰੁਪਏ) ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਜਾਇਦਾਦ 2022 ਵਿੱਚ ਦਰਜ ਕੀਤੇ ਗਏ ਕਰੀਬ 150 ਅਰਬ ਡਾਲਰ ਦੇ ਰਿਕਾਰਡ ਪੱਧਰ ਤੋਂ ਅਜੇ ਵੀ ਘੱਟ ਹੈ।

ਫੋਰਬਸ ਦੇ ਅਨੁਸਾਰ ਸ਼ੇਅਰ ਬਾਜ਼ਾਰ ਵਿੱਚ ਕਮਜ਼ੋਰੀ ਅਤੇ ਭਾਰਤੀ ਰੁਪਏ ਵਿੱਚ 8.5 ਫੀਸਦੀ ਦੀ ਗਿਰਾਵਟ ਦੇ ਬਾਵਜੂਦ ਦੇਸ਼ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸਾਂਝੀ ਜਾਇਦਾਦ ਕਰੀਬ 1 ਟ੍ਰਿਲੀਅਨ ਡਾਲਰ ਦੇ ਪੱਧਰ ’ਤੇ ਬਣੀ ਰਹੀ।

ਸੂਚੀ ਵਿੱਚ ਓ.ਪੀ. ਜਿੰਦਲ ਗਰੁੱਪ ਦੀ ਸਾਵਿਤਰੀ ਜਿੰਦਲ 39.8 ਅਰਬ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ ’ਤੇ ਹਨ। ਉਹ ਇਸ ਸਾਲ ਵੀ ਸੂਚੀ ਵਿੱਚ ਸਭ ਤੋਂ ਅਮੀਰ ਭਾਰਤੀ ਔਰਤ ਬਣੀ ਹੋਈ ਹੈ। ਉੱਥੇ ਹੀ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ 34.7 ਅਰਬ ਡਾਲਰ ਦੀ ਜਾਇਦਾਦ ਨਾਲ ਚੌਥੇ ਸਥਾਨ ’ਤੇ ਹਨ। ਉਨ੍ਹਾਂ ਦੀ ਜਾਇਦਾਦ ਵਿੱਚ ਇੱਕ ਸਾਲ ਦੌਰਾਨ 74 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਸੁਨੀਲ ਮਿੱਤਲ ਅਤੇ ਪਰਿਵਾਰ 32.9 ਅਰਬ ਡਾਲਰ ਦੀ ਜਾਇਦਾਦ ਨਾਲ ਪੰਜਵੇਂ ਸਥਾਨ ’ਤੇ ਹਨ। ਫੋਰਬਸ ਮੁਤਾਬਕ ਇਸ ਸਾਲ ਸੂਚੀ ਵਿੱਚ ਸ਼ਾਮਲ ਅੱਧੇ ਤੋਂ ਵੱਧ ਅਮੀਰਾਂ ਦੀ ਜਾਇਦਾਦ ਵਿੱਚ ਕਮੀ ਦਰਜ ਕੀਤੀ ਗਈ ਹੈ। ਸ਼ਿਵ ਨਾਡਾਰ, ਅਜ਼ੀਮ ਪ੍ਰੇਮਜੀ ਅਤੇ ਐੱਨ.ਆਰ. ਨਾਰਾਇਣ ਮੂਰਤੀ ਦੀ ਜਾਇਦਾਦ ਵਿੱਚ ਵੀ ਗਿਰਾਵਟ ਆਈ ਹੈ।

ਇਸ ਦੇ ਨਾਲ ਹੀ ਕੁਝ ਨਵੇਂ ਕਾਰੋਬਾਰੀ ਵੀ 2026 ਦੀ ਫੋਰਬਸ ਸੂਚੀ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫਲ ਰਹੇ ਹਨ। ਇਹ ਸੂਚੀ ਭਾਰਤ ਦੇ ਵੱਡੇ ਕਾਰੋਬਾਰੀ ਘਰਾਣਿਆਂ ਅਤੇ ਉਦਯੋਗਪਤੀਆਂ ਦੀ ਦੌਲਤ ਵਿੱਚ ਆਏ ਸਾਲਾਨਾ ਬਦਲਾਅ ਦੀ ਤਸਵੀਰ ਪੇਸ਼ ਕਰਦੀ ਹੈ।