
Skip to content

ਮਾਊਂਟ ਭਾਗੀਰਥੀ-2 ਦੀ ਚੋਟੀ ਸਰ ਕਰ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਰਚਿਆ ਨਵਾਂ ਇਤਿਹਾਸ
ਉਧਨਵਾਲ/ਹਰਚੋਵਾਲ (ਅਰਸ਼ਦੀਪ ਸਿੰਘ ਕਾਲੜਾ): ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿੱਚ ਇੱਕ ਹੋਰ ਮਾਣਮੱਤੀ ਉਪਲਬਧੀ ਹਾਸਲ ਕਰਦਿਆਂ ਦੂਜੀ ਵਾਰ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਦੀ ਚੋਟੀ ਨੂੰ ਸਫਲਤਾਪੂਰਵਕ ਸਰ ਕਰਕੇ ਪਿੰਡ ਹਰਚੋਵਾਲ ਸਮੇਤ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਜਾਣਕਾਰੀ ਅਨੁਸਾਰ 22 ਸਤੰਬਰ 2026 ਨੂੰ ਸਵੇਰੇ 6:16 ਵਜੇ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਮਾਊਂਟ ਭਾਗੀਰਥੀ-2 ਦੀ ਚੋਟੀ ’ਤੇ ਸਫਲਤਾਪੂਰਵਕ ਪਹੁੰਚ ਬਣਾਈ। ਇਹ ਚੁਣੌਤੀਪੂਰਨ ਪਹਾੜੀ ਮੁਹਿੰਮ ਗੜ੍ਹਵਾਲ ਹਿਮਾਲਿਆ ਰੇਂਜ, ਗੰਗੋਤਰੀ, ਉੱਤਰਕਾਸ਼ੀ (ਉੱਤਰਾਖੰਡ) ਵਿਖੇ ਭਾਰਤੀ ਫੌਜ ਦੀ ਐਡਵੈਂਚਰ ਟੀਮ ਦੇ ਨਾਲ ਪੂਰੀ ਕੀਤੀ ਗਈ।
ਬਰਫ਼ ਨਾਲ ਢਕੀਆਂ ਉੱਚੀਆਂ ਪਹਾੜੀ ਚੋਟੀਆਂ, ਕਠਿਨ ਰਸਤੇ ਅਤੇ ਬੇਹੱਦ ਮੁਸ਼ਕਲ ਮੌਸਮੀ ਹਾਲਾਤਾਂ ਦੇ ਬਾਵਜੂਦ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਆਪਣੇ ਦ੍ਰਿੜ੍ਹ ਇਰਾਦੇ, ਹੌਸਲੇ ਅਤੇ ਮਿਹਨਤ ਦੇ ਬਲਬੂਤੇ ਇਹ ਮੁਹਿੰਮ ਸਫਲਤਾਪੂਰਵਕ ਪੂਰੀ ਕੀਤੀ। ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਨੌਜਵਾਨਾਂ ਲਈ ਹੌਸਲੇ, ਮਿਹਨਤ ਅਤੇ ਲਗਨ ਦੀ ਪ੍ਰੇਰਣਾਦਾਇਕ ਮਿਸਾਲ ਮੰਨਿਆ ਜਾ ਰਿਹਾ ਹੈ।
ਪਹਾੜ ਚੜ੍ਹਾਈ ਦੇ ਖੇਤਰ ਵਿੱਚ ਇਹ ਹਰਚੋਵਾਲ ਦੀ ਦੂਜੀ ਮਾਣਮੱਤੀ ਉਪਲਬਧੀ ਦੱਸੀ ਜਾ ਰਹੀ ਹੈ। ਸੂਬੇਦਾਰ ਸੰਦੀਪ ਸਿੰਘ ਰਿਆੜ ਦੀ ਇਸ ਸਫਲਤਾ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਹੈ।
ਉਨ੍ਹਾਂ ਦੀ ਇਸ ਇਤਿਹਾਸਕ ਪ੍ਰਾਪਤੀ ਨੇ ਇਹ ਸੰਦੇਸ਼ ਦਿੱਤਾ ਹੈ ਕਿ ਮਿਹਨਤ, ਹਿੰਮਤ ਅਤੇ ਦ੍ਰਿੜ੍ਹ ਇਰਾਦੇ ਨਾਲ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਨੂੰ ਪਾਰ ਕੀਤਾ ਜਾ ਸਕਦਾ ਹੈ। ਸੂਬੇਦਾਰ ਸੰਦੀਪ ਸਿੰਘ ਰਿਆੜ ਦੀ ਇਹ ਉਪਲਬਧੀ ਪਿੰਡ ਹਰਚੋਵਾਲ, ਗੁਰਦਾਸਪੁਰ ਜ਼ਿਲ੍ਹੇ ਅਤੇ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ।

Related