ਰੂਸ ਦੇ ‘ਟਾਈਮ ਆਫ ਦ ਯੰਗ’ ਯੂਥ ਅਚੀਵਮੈਂਟ ਐਵਾਰਡ ਲਈ ਅਰਜ਼ੀਆਂ ਸ਼ੁਰੂ, 9 ਨਵੰਬਰ ਤੱਕ ਕਰ ਸਕਦੇ ਹੋ ਅਪਲਾਈ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ‘ਟਾਈਮ ਆਫ ਦ ਯੰਗ’ ਆਲ-ਰਸ਼ੀਅਨ ਯੂਥ ਅਚੀਵਮੈਂਟ ਐਵਾਰਡ ਲਈ ‘ਫ੍ਰੈਂਡ ਆਫ ਰੂਸ’ (Friend of Russia) ਅਤੇ ‘ਅੰਬੈਸਡਰ ਆਫ ਰੂਸ’ (Ambassador of Russia) ਸ਼੍ਰੇਣੀਆਂ ਤਹਿਤ ਨਾਮਜ਼ਦਗੀ ਅਤੇ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਾਲ 2026 ਲਈ ਇਨ੍ਹਾਂ ਸ਼੍ਰੇਣੀਆਂ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਰੂਸੀ ਨਾਗਰਿਕਾਂ, ਨੌਜਵਾਨ ਸੰਗਠਨਾਂ ਅਤੇ ਰੂਸ ਦੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਮਨੁੱਖੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਰੂਸੀ ਸੱਭਿਆਚਾਰ ਅਤੇ ਭਾਸ਼ਾ ਦੇ ਪ੍ਰਚਾਰ ਲਈ ਕੰਮ ਕਰ ਰਹੇ ਹਨ।
ਇਸ ਐਵਾਰਡ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰ 9 ਨਵੰਬਰ ਤੱਕ ਵਰਲਡ ਯੂਥ ਫੈਸਟੀਵਲ ਡਾਇਰੈਕਟੋਰੇਟ ਦੇ ਇੰਟਰਨੈਸ਼ਨਲ ਪਲੇਟਫਾਰਮ ਆਫ ਅਪਰਚਿਊਨਿਟੀਜ਼ ਰਾਹੀਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।
ਰੂਸ ਦੇ ਉਪ ਪ੍ਰਧਾਨ ਮੰਤਰੀ ਦਮਿਤਰੀ ਚੇਰਨੀਸ਼ੈਂਕੋ (Dmitry Chernyshenko) ਨੇ ਦੱਸਿਆ ਕਿ ਇਹ ਐਵਾਰਡ ਲਗਾਤਾਰ ਛੇਵੇਂ ਸਾਲ ਕਰਵਾਇਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਨੌਜਵਾਨ ਸੰਗਠਨਾਂ ਅਤੇ ਕਾਰੋਬਾਰੀ ਖੇਤਰ ਨਾਲ ਜੁੜੇ ਉਨ੍ਹਾਂ ਆਗੂਆਂ ਨੂੰ ਇੱਕ ਮੰਚ ’ਤੇ ਲਿਆਉਣਾ ਹੈ, ਜੋ ਰੂਸ ਦੇ ਨੌਜਵਾਨਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ‘ਟਾਈਮ ਆਫ ਦ ਯੰਗ ਐਵਾਰਡ’ ਰੂਸ ਦੀ ਨੌਜਵਾਨ ਨੀਤੀ ਦੇ ਪ੍ਰਮੁੱਖ ਸਨਮਾਨਾਂ ਵਿੱਚੋਂ ਇੱਕ ਹੈ। ਪਿਛਲੇ ਪੰਜ ਸਾਲਾਂ ਦੌਰਾਨ ਇਸ ਐਵਾਰਡ ਰਾਹੀਂ 1,200 ਤੋਂ ਵੱਧ ਅਜਿਹੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਨੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਇਹ ਐਵਾਰਡ ਕੁੱਲ 7 ਸ਼੍ਰੇਣੀਆਂ ਵਿੱਚ ਦਿੱਤਾ ਜਾਵੇਗਾ ਅਤੇ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਇਸ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ, ਜੋ ਸਮਾਜ ਅਤੇ ਨੌਜਵਾਨਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ।
