ਸਰਪੰਚ ਜਸਬੀਰ ਸਿੰਘ ਰਾਣਾ ਦੀ ਮੌਜੂਦਗੀ ਵਿੱਚ ਬਣੀ ਸਹਿਮਤੀ, ਭੋਗਪੁਰ ਰੋਡ ’ਤੇ ਪਠਾਨਕੋਟ ਚੌਕ ਨੇੜੇ ਹੀ ਲੱਗੇਗੀ ਪਟਾਕਾ ਮਾਰਕੀਟ
ਰਾਓਵਾਲੀ (ਨਵੀਨ ਪੁਰੀ ): ਪਟਾਕਾ ਮਾਰਕੀਟ ਅਤੇ ਗ੍ਰਾਮ ਪੰਚਾਇਤ ਰਾਓਵਾਲੀ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਵਿਵਾਦ ਆਖ਼ਰਕਾਰ ਆਪਸੀ ਸਹਿਮਤੀ ਨਾਲ ਸੁਲਝ ਗਿਆ ਹੈ। ਗ੍ਰਾਮ ਪੰਚਾਇਤ ਦੇ ਸਰਪੰਚ ਜਸਬੀਰ ਸਿੰਘ ਰਾਣਾ ਅਤੇ ਪਟਾਕਾ ਮਾਰਕੀਟ ਦੇ ਅਹੁਦੇਦਾਰਾਂ ਵਿਚਾਲੇ ਹੋਈ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਸਮਝੌਤਾ ਕਰ ਲਿਆ।
ਇਹ ਮਾਮਲਾ ਗ੍ਰਾਮ ਪੰਚਾਇਤ ਬਨਾਮ ਵਿਕਾਸ ਭੰਡਾਰੀ ਦੇ ਨਾਂ ’ਤੇ ਚੱਲ ਰਿਹਾ ਸੀ। ਇਸ ਮਾਮਲੇ ਨੂੰ ਸੁਲਝਾਉਣ ਵਿੱਚ ਐਡਵੋਕੇਟ ਜਗਪਾਲ ਸਿੰਘ ਦੁੱਪਰ ਦੀ ਵੀ ਅਹਿਮ ਭੂਮਿਕਾ ਰਹੀ। ਮੀਟਿੰਗ ਦੌਰਾਨ ਪਟਾਕਾ ਮਾਰਕੀਟ ਦੇ ਅਹੁਦੇਦਾਰ ਵਿਕਾਸ ਭੰਡਾਰੀ, ਧੀਰਜ ਕੁਮਾਰ, ਰਵੀ ਮਹਾਜਨ ਅਤੇ ਸੰਜੀਵ ਬਾਹਰੀ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।
ਮੀਟਿੰਗ ਦੌਰਾਨ ਗ੍ਰਾਮ ਪੰਚਾਇਤ ਵੱਲੋਂ ਪਟਾਕਾ ਮਾਰਕੀਟ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਉੱਥੇ ਹੀ ਮਾਰਕੀਟ ਦੇ ਮੈਂਬਰਾਂ ਨੇ ਵੀ ਭਰੋਸਾ ਦਿੱਤਾ ਕਿ ਮਾਰਕੀਟ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਸ ਸਮਝੌਤੇ ਤੋਂ ਬਾਅਦ ਪਟਾਕਾ ਮਾਰਕੀਟ ’ਤੇ ਲੱਗਿਆ ਸਟੇਅ ਵੀ ਵਾਪਸ ਲੈ ਲਿਆ ਗਿਆ ਹੈ। ਹੁਣ ਪਟਾਕਾ ਮਾਰਕੀਟ ਪਿੰਡ ਰਾਓਵਾਲੀ, ਭੋਗਪੁਰ ਰੋਡ ’ਤੇ ਪਠਾਨਕੋਟ ਚੌਕ ਨੇੜੇ ਹੀ ਲਗਾਈ ਜਾਵੇਗੀ।
ਦੋਵਾਂ ਧਿਰਾਂ ਵਿਚਾਲੇ ਹੋਏ ਇਸ ਸਮਝੌਤੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਅੰਤ ਹੋ ਗਿਆ ਹੈ। ਪੰਚਾਇਤ ਅਤੇ ਮਾਰਕੀਟ ਦੇ ਮੈਂਬਰਾਂ ਨੇ ਆਪਸੀ ਸਹਿਯੋਗ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਪਹਿਲ ਦੇਣ ’ਤੇ ਸਹਿਮਤੀ ਜਤਾਈ।
Related