ਜਲੰਧਰ (ਜੀਵਨ ਜੋਤੀ ਟੰਡਨ) : ਕਚਹਿਰੀ ਚੌਂਕ ਵਿੱਚ ਅੱਜ ਜ਼ਬਰਦਸਤ ਧਰਨਾ ਲਗਾਇਆ ਗਿਆ, ਜਿੱਥੇ ਪੰਜਾਬ ਕੇਸਰੀ ਦੇ ਹੋਟਲ ਪਾਰਕ ਪਲਾਜਾ ਨੂੰ ਅਨਅਥੋਰਾਈਜ਼ਡ ਦੱਸ ਕੇ ਕੀਤੀ ਗਈ ਤੋੜਫੋੜ ਕਾਰਵਾਈ ਦੇ ਵਿਰੋਧ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ।ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦਿਆਂ ਇਸ ਕਾਰਵਾਈ ਨੂੰ ਸਿੱਧੀ ਧੱਕੇਸ਼ਾਹੀ ਅਤੇ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ। ਮਾਹੌਲ ਕਾਫੀ ਤਣਾਅਪੂਰਨ ਰਿਹਾ ਅਤੇ ਕਾਫੀ ਸਮੇਂ ਤੱਕ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ।ਇਸ ਮੌਕੇ ਨਗਰ ਨਿਗਮ ਜਲੰਧਰ ਦੇ ਕੌਂਸਲਰ ਅਤੇ ਵਿਰੋਧੀ ਧੜੇ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਇਹ ਕਾਰਵਾਈ ਕਾਨੂੰਨ ਦੇ ਨਾਂ ‘ਤੇ ਖੁੱਲ੍ਹੀ ਤਾਨਾਸ਼ਾਹੀ ਹੈ।ਉਨ੍ਹਾਂ ਕਿਹਾ, “ਜੇ ਕਾਨੂੰਨ ਲਾਗੂ ਕਰਨਾ ਹੈ ਤਾਂ ਪੂਰੇ ਸ਼ਹਿਰ ਵਿੱਚ ਇੱਕੋ ਜਿਹਾ ਕਰੋ, ਨਾ ਕਿ ਕਿਸੇ ਇੱਕ ਸੰਸਥਾ ਨੂੰ ਨਿਸ਼ਾਨਾ ਬਣਾਕੇ ਆਪਣੀ ਤਾਕਤ ਦਿਖਾਈ ਜਾਵੇ। ਇਹ ਸਿਰਫ਼ ਇੱਕ ਹੋਟਲ ਨਹੀਂ, ਸਗੋਂ ਅਖਬਾਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।”ਟੀਟੂ ਨੇ ਦੋਸ਼ ਲਗਾਇਆ ਕਿ ਇਹ ਇੱਕ ਸ਼ਹੀਦਾਂ ਦਾ ਪਰਿਵਾਰ ਹੈ ਜੋ ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ, ਪਰ ਉਸੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। “ਇਹ ਜੁਲਮ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ,” ਉਨ੍ਹਾਂ ਨੇ ਚੇਤਾਵਨੀ ਦਿੱਤੀ।ਇਸ ਮੌਕੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਕੇਡੀ ਪੰਡਾਰੀ, ਰਾਕੇਸ਼ ਰਠੋਰ, ਅਮਰਜੀਤ ਸਿੰਘ ਅਮਰੀ, ਅਸ਼ਵਨੀ ਅਟਵਾਲ, ਰਾਜਨ ਅੰਗੂਰਾਲ , ਰਾਜੀਵ ਢੀਂਗਰਾ , ਰਮਨ ਪੱਬੀ, ਜੌਰਜ ਸਾਗਰ ਸਰਤਾਜ ਅਤੇ ਮਹਿਲਾ ਮੋਰਚਾ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਨੇ ਧਰਨੇ ਨੂੰ ਪੂਰਾ ਸਮਰਥਨ ਦਿੱਤਾ।ਧਰਨੇ ਦੌਰਾਨ ਚੇਤਾਵਨੀ ਦਿੱਤੀ ਗਈ ਕਿ ਜੇਕਰ ਪ੍ਰਸ਼ਾਸਨ ਨੇ ਆਪਣਾ ਪੱਖਪਾਤੀ ਰਵੱਈਆ ਨਾ ਬਦਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਮਾਮਲੇ ਨੂੰ ਉੱਚ ਅਦਾਲਤ ਤੱਕ ਲਿਜਾਇਆ ਜਾਵੇਗਾ।