ਅੰਮ੍ਰਿਤਸਰ ’ਚ ASI ’ਤੇ ਗੋਲੀ ਚਲਾਉਣ ਦਾ ਮੁਲਜ਼ਮ ਪੁਲਿਸ ਹਿਰਾਸਤ ’ਚੋਂ ਫਰਾਰ, SHO ਮੁਅੱਤਲ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ) : ਏ.ਐਸ.ਆਈ. ਜਸਵੰਤ ਸਿੰਘ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਝੰਜੋਟੀ ਪਿੰਡ ਵਾਸੀ ਕਰਨ ਵਜੋਂ ਹੋਈ ਹੈ। ਬੁੱਧਵਾਰ ਰਾਤ ਪੁਲਿਸ ਉਸਨੂੰ ਹਥਿਆਰ ਬਰਾਮਦ ਕਰਨ ਲਈ ਮਜੀਠਾ ਇਲਾਕੇ ਵਿੱਚ ਲੈ ਕੇ ਗਈ ਸੀ, ਜਿੱਥੋਂ ਉਹ ਫਰਾਰ ਹੋ ਗਿਆ।

ਘਟਨਾ ਤੋਂ ਬਾਅਦ ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਲਾਪਰਵਾਹੀ ਦੇ ਦੋਸ਼ ਹੇਠ ਰਾਜਾਸਾਂਸੀ ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ। ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਸਬੰਧੀ ਫਿਲਹਾਲ ਕੋਈ ਵਿਸਥਾਰਤ ਟਿੱਪਣੀ ਨਹੀਂ ਕੀਤੀ ਗਈ।

ਜਾਣਕਾਰੀ ਮੁਤਾਬਕ 11 ਸਤੰਬਰ ਦੀ ਰਾਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਲਾਈਨਜ਼ ਵਿੱਚ ਤਾਇਨਾਤ ਏ.ਐਸ.ਆਈ. ਜਸਵੰਤ ਸਿੰਘ ਮੋਟਰਸਾਈਕਲ ’ਤੇ ਰਾਜਾਸਾਂਸੀ ਇਲਾਕੇ ਵਿੱਚੋਂ ਲੰਘ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਸਿਰ ’ਤੇ ਗੋਲੀ ਚਲਾਈ। ਗੋਲੀ ਪੱਗ ਨੂੰ ਚੀਰਦੀ ਹੋਈ ਸਿਰ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਪੁਲਿਸ ਨੇ CCTV ਫੁਟੇਜ ਦੇ ਆਧਾਰ ’ਤੇ ਕਰਨ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਉਸਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਸੀ। ਪੁਲਿਸ ਵੱਲੋਂ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸ਼ੁਰੂਆਤ ਵਿੱਚ ਇਸ ਘਟਨਾ ਪਿੱਛੇ ਪੁਰਾਣੀ ਦੁਸ਼ਮਣੀ ਦਾ ਸ਼ੱਕ ਸੀ। ਬਾਅਦ ਵਿੱਚ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (TTH) ਵੱਲੋਂ ਵੀ ਘਟਨਾ ਸਬੰਧੀ ਇੱਕ ਪੋਸਟਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਥਿਤ ਤੌਰ ’ਤੇ ਗਲਤ ਤਸਵੀਰ ਦੀ ਵਰਤੋਂ ਕੀਤੀ ਗਈ ਸੀ।

ਹੁਣ ਹਥਿਆਰ ਬਰਾਮਦਗੀ ਲਈ ਲਿਜਾਂਦੇ ਸਮੇਂ ਮੁਲਜ਼ਮ ਦੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।