ਛੇ ਸਾਲ ਤੋਂ ਫ਼ਰਾਰ ਬਰਖ਼ਾਸਤ AIG ਰਾਜਜੀਤ ਸਿੰਘ ਗ੍ਰਿਫ਼ਤਾਰ

ਪਟਿਆਲਾ (ਅਰਸ਼ਦੀਪ ਸਿੰਘ ਕਾਲੜਾ) : ਨਸ਼ਾ ਤਸਕਰੀ ਅਤੇ ਜਬਰਨ ਵਸੂਲੀ ਨਾਲ ਜੁੜੇ ਮਾਮਲਿਆਂ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਅਕਤੂਬਰ 2019 ਤੋਂ ਫ਼ਰਾਰ ਚੱਲ ਰਹੇ ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਪਟਿਆਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲੀਸ ਦੇ DGP ਗੌਰਵ ਯਾਦਵ ਨੇ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਨਾਲ ਕਰੀਬ ਛੇ ਸਾਲਾਂ ਤੋਂ ਚੱਲ ਰਹੀ ਉਸ ਦੀ ਗੁਪਤਵਾਸੀ ਦਾ ਅੰਤ ਹੋ ਗਿਆ ਹੈ।

ਰਾਜਜੀਤ ਸਿੰਘ ਨੂੰ ਅਪ੍ਰੈਲ 2019 ਵਿੱਚ ਸਰਕਾਰੀ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਬਣੀ SIT ਦੀ ਜਾਂਚ ਵਿੱਚ ਉਸ ’ਤੇ 2017 ਵਿੱਚ ਬਰਖ਼ਾਸਤ ਕੀਤੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਕਥਿਤ ਮਿਲੀਭੁਗਤ ਕਰਕੇ ਨਸ਼ਾ ਤਸਕਰੀ ਅਤੇ ਜਬਰਨ ਵਸੂਲੀ ਦੇ ਰੈਕਟ ਨੂੰ ਸਹਿਯੋਗ ਦੇਣ ਦੇ ਦੋਸ਼ ਸਾਹਮਣੇ ਆਏ ਸਨ।

ਇਸ ਤੋਂ ਬਾਅਦ ਸਾਲ 2019 ਵਿੱਚ ਉਸ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ। ਪਹਿਲਾ ਮਾਮਲਾ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਨਾਲ ਸਬੰਧਤ ਸੀ, ਜਦਕਿ ਦੂਜਾ ਮਾਮਲਾ ਸਪੈਸ਼ਲ ਟਾਸਕ ਫੋਰਸ ਵੱਲੋਂ ਅਸਲ ਨਸ਼ਾ ਤਸਕਰਾਂ ਨੂੰ ਕਥਿਤ ਤੌਰ ’ਤੇ ਬਚਾਉਣ ਅਤੇ ਲੋਕਾਂ ਨੂੰ ਨਸ਼ਿਆਂ ਦੇ ਝੂਠੇ ਕੇਸਾਂ ਵਿੱਚ ਫਸਾ ਕੇ ਪੈਸੇ ਵਸੂਲਣ ਨਾਲ ਸਬੰਧਤ ਸੀ।

ਅਕਤੂਬਰ 2019 ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਰਾਜਜੀਤ ਸਿੰਘ ਮੋਹਾਲੀ ਵਿੱਚ STF ਅਧਿਕਾਰੀਆਂ ਦੀ ਗ੍ਰਿਫ਼ਤ ਤੋਂ ਬਚ ਨਿਕਲਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਫ਼ਰਾਰ ਚੱਲ ਰਿਹਾ ਸੀ। ਉਸ ਦਾ ਨਾਮ ਨਸ਼ਾ ਤਸਕਰੀ ਨਾਲ ਜੁੜੇ ਵੱਡੇ ਮਾਮਲੇ ਦੀ ਜਾਂਚ ਵਿੱਚ ਵੀ ਸਾਹਮਣੇ ਆਇਆ ਸੀ, ਜਿਸ ਦੀ ਜਾਂਚ ਤਤਕਾਲੀ ED ਉਪ ਨਿਰਦੇਸ਼ਕ ਨਿਰੰਜਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਸੀ। ਹੁਣ ਪਟਿਆਲਾ ਪੁਲੀਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਵਿੱਚ ਇੱਕ ਵੱਡਾ ਕਦਮ ਅੱਗੇ ਵਧਿਆ ਹੈ।