Skip to content
ਫਗਵਾੜਾ (ਪੁਨੀਤ) ਫਗਵਾੜਾ ਫੁੱਟਬਾਲ ਅਕੈਡਮੀ (ਰਜਿ.) ਵਲੋਂ ਸਵ. ਚਰਨਜੀਤ ਸਿੰਘ ਬਾਸੀ ਯਾਦਗਾਰੀ 24ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਅੱਜ ਸਥਾਨਕ ਅਕਾਲ ਸਟੇਡੀਅਮ ਵਿਖੇ ਅਕੈਡਮੀ ਦੇ ਪ੍ਰਧਾਨ ਬੀ.ਐਸ. ਬਾਗਲਾ ਦੀ ਨਿਗਰਾਨੀ ਹੇਠ ਸ਼ੁਰੂ ਹੋਇਆ। ਟੂਰਨਾਮੈਂਟ ਦੇ ਪਹਿਲੇ ਮੈਚ ਦਾ ਉਦਘਾਟਨ ਜੀ.ਆਰ.ਡੀ. ਕਾਲਜ ਟਰੱਸਟ ਦੇ ਜਨਰਲ ਸਕੱਤਰ ਤਾਰਾ ਚੰਦ ਚੁੰਬਰ ਅਤੇ ਕੈਂਬਰਿਜ ਸਕੂਲ ਦੇ ਪ੍ਰਸ਼ਾਸਨਿਕ ਅਧਿਕਾਰੀ ਅਮਰਜੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਦੂਜੇ ਮੈਚ ਦਾ ਉਦਘਾਟਨ ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ ਵਲੋਂ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਅਸ਼ੀਰਵਾਦ ਦਿੱਤਾ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਅਕੈਡਮੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਅਕੈਡਮੀ ਦੇ ਚੇਅਰਮੈਨ ਤਰਲੋਚਨ ਸਿੰਘ ਮਣਕੂ ਅਤੇ ਪ੍ਰਧਾਨ ਬਾਗਲਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਕੁੱਲ ਅੱਠ ਟੀਮਾਂ ਭਾਗ ਲੈ ਰਹੀਆਂ ਹਨ। ਜਿਨ੍ਹਾਂ ਵਿੱਚ ਸੀਆਰਪੀਐਫ ਜਲੰਧਰ, ਜੇਸੀਟੀ ਅਕੈਡਮੀ ਫਗਵਾੜਾ, ਨਾਮਧਾਰੀ ਇਲੈਵਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਪੰਜਾਬ ਫੁੱਟਬਾਲ ਕਲੱਬ (ਰਾਊਂਡ ਗਲਾਸ), ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ, ਕੇਹਰ ਸਪੋਰਟਸ ਫੁੱਟਬਾਲ ਕਲੱਬ ਜਲੰਧਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਕੈਡਮੀ ਬੰਗਾ ਅਤੇ ਪੰਜਾਬ ਫੁੱਟਬਾਲ ਕਲੱਬ ਮੋਹਾਲੀ ਸ਼ਾਮਲ ਹਨ। ਇਨ੍ਹਾਂ ਅੱਠ ਟੀਮਾਂ ਨੂੰ ਚਾਰ-ਚਾਰ ਟੀਮਾਂ ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਅੱਜ ਪਹਿਲੇ ਦਿਨ ਦੋ ਮੈਚ ਖੇਡੇ ਗਏ।
ਉਦਘਾਟਨੀ ਮੈਚ ਵਿੱਚ ਸੀਆਰਪੀਐਫ ਜਲੰਧਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਕੈਡਮੀ ਬੰਗਾ ਨੂੰ 3-1 ਨਾਲ ਹਰਾਇਆ। ਦੂਜੇ ਰੋਮਾਂਚਕ ਮੁਕਾਬਲੇ ਦਾ ਫੈਸਲਾ ਟਾਈਬ੍ਰੇਕਰ ਨਾਲ ਹੋਇਆ, ਜਿਸ ਵਿੱਚ ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ ਨੇ ਜੇਸੀਟੀ ਫਗਵਾੜਾ ਨੂੰ 3-1 ਨਾਲ ਮਾਤ ਦਿੱਤੀ। ਉਨ੍ਹਾਂ ਦੱਸਿਆ ਕਿ ਸੈਮੀਫਾਈਨਲ ਮੈਚ 22 ਨਵੰਬਰ ਨੂੰ ਹੋਣਗੇ, ਜਦਕਿ ਟੂਰਨਾਮੈਂਟ ਦਾ ਫਾਈਨਲ ਮੈਚ ਐਤਵਾਰ, 23 ਨਵੰਬਰ ਨੂੰ ਦੁਪਹਿਰ 1 ਵਜੇ ਖੇਡਿਆ ਜਾਵੇਗਾ। ਜੇਤੂ ਟੀਮ ਨੂੰ ਟਰਾਫੀ ਅਤੇ 1 ਲੱਖ ਰੁਪਏ ਨਕਦ, ਅਤੇ ਉਪ ਜੇਤੂ ਟੀਮ ਨੂੰ 50,000 ਰੁਪਏ ਨਕਦ ਅਤੇ ਟਰਾਫੀ ਭੇਂਟ ਕੀਤੀ ਜਾਵੇਗੀ। ਉਨ੍ਹਾਂ ਸਾਰੇ ਫੁੱਟਬਾਲ ਪ੍ਰੇਮੀਆਂ ਨੂੰ ਪੁਰਜੋਰ ਅਪੀਲੀ ਕੀਤੀ ਕਿ ਟੀਮਾਂ ਦੀ ਹੌਸਲਾ ਅਫਜਾਈ ਅਤੇ ਦਿਲਚਸਪ ਮੈਚਾਂ ਦਾ ਆਨੰਦ ਲੈਣ ਲਈ ਹਾਜਰੀ ਯਕੀਨੀ ਬਨਾਉਣ। ਅੱਜ ਪਹਿਲੇ ਦਿਨ ਸਟੇਜ ਦੀ ਸੇਵਾ ਵੀ ਪ੍ਰਧਾਨ ਬਖਸ਼ੀਸ਼ ਸਿੰਘ ਬਾਗਲਾ ਵਲੋਂ ਨਿਭਾਈ ਗਈ। ਇਸ ਮੌਕੇ ਅੰਤਰਰਾਸ਼ਟਰੀ ਫੁੱਟਬਾਲਰ ਕਸ਼ਮੀਰਾ ਸਿੰਘ, ਹਰਜਿੰਦਰ ਸਿੰਘ, ਹਰਦੀਪ ਸਿੰਘ, ਜੁਗਲ ਕਿਸ਼ੋਰ, ਪਿ੍ਰੰਸੀਪਲ ਜਸਵੀਰ ਸਿੰਘ, ਪਿ੍ਰੰਸੀਪਲ ਜੁਗਲ ਕਿਸ਼ੋਰ ਟੂਰ ਤੋਂ ਇਲਾਵਾ ਕਮਾਂਡੈਂਟ ਅਵਤਾਰ ਸਿੰਘ, ਵਰੁਣ ਸ਼ਿੰਗਾਰੀ, ਰਾਮ ਪ੍ਰਕਾਸ਼, ਰਜਿੰਦਰ ਸਿੰਘ ਰਾਜੂ, ਹੁਕਮ ਚੰਦ ਭਨੋਟ, ਨੀਰਜ ਭੱਲਾ, ਗੁਰਦੀਪ ਸੈਣੀ, ਸੁਰਜੀਤ ਸਿੰਘ, ਅਰਜੁਨ ਸਿੰਘ, ਨਿੰਦਰ ਸਿੰਘ, ਗੁਰਜੀਤ ਸਿੰਘ, ਨਿੰਦਰ ਸਿੰਘ ਜੱਸੀ, ਦਿਨੇਸ਼ ਦੁੱਗਲ, ਅਨੁਰਾਗ ਜੋਸ਼ੀ, ਹਰਸ਼ ਲੈਮਪਡ, ਅਰੁਣ ਧੀਰ, ਪੂਜਾ ਆਦਿ ਹਾਜ਼ਰ ਸਨ।
Related