ਲੋਕ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਮੁੰਬਈ ਤੋਂ ਚੰਡੀਗੜ੍ਹ ਆ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਉਹ ਰੁਝੇਵਿਆਂ ਦੇ ਬਾਵਜੂਦ ਵੋਟ ਪਾਉਣ ਲਈ ਆਪਣੇ ਸ਼ਹਿਰ ਆਏ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਵੋਟ ਜ਼ਰੂਰ ਪਾਉਣ। ਜੇ ਅਸੀਂ ਵੋਟ ਨਹੀਂ ਪਾਉਂਦੇ ਤਾਂ ਸਾਨੂੰ ਸ਼ਿਕਾਇਤ ਕਰਨ ਦਾ ਵੀ ਕੋਈ ਹੱਕ ਨਹੀਂ ਹੈ।
ਬਾਲੀਵੁੱਡ ਅਦਾਕਾਰ ਨੇ ਕਿਹਾ ਕਿ ਦੇਸ਼ ਵਿੱਚ ਸਾਨੂੰ ਵੋਟ ਦਾ ਅਧਿਕਾਰ ਹੈ ਅਤੇ ਇਸ ਅਧਿਕਾਰ ਦੀ ਵਰਤੋਂ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਵੋਟਾਂ ਦੇ ਪ੍ਰਚਾਰ ਲਈ ਚੁਣਿਆ ਸੀ, ਜਿਸ ਕਾਰਨ ਉਹ ਅੱਜ ਮੁੰਬਈ ਤੋਂ ਚੰਡੀਗੜ੍ਹ ਆਏ ਹਨ। ਉਹ ਅੱਜ ਪੋਲਿੰਗ ਬੂਥ ‘ਤੇ ਪਹੁੰਚ ਗਏ ਹਨ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਨੌਜਵਾਨਾਂ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਦੀ ਬਹੁਗਿਣਤੀ ਆਬਾਦੀ ਨੌਜਵਾਨਾਂ ਦੀ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਚਹੇਤੇ ਨੁਮਾਇੰਦੇ ਚੁਣਨੇ ਚਾਹੀਦੇ ਹਨ।
ਇਸ ਦੌਰਾਨ ਆਯੁਸ਼ਮਾਨ ਨੇ ਕਿਹਾ ਕਿ ਮੈਨੂੰ ਯਾਦ ਹੈ ਪਹਿਲੀ ਵਾਰ ਵੋਟ ਪਾਉਣ ਦੀ ਬਹੁਤ ਹੀ ਐਕਸਾਈਟਮੈਂਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਵੋਟ ਪਾਉਣ ਲਈ ਸਾਈਕਲ ‘ਤੇ ਆਪਣੇ ਘਰ ਦੇ ਨੇੜੇ ਪੋਲਿੰਗ ਬੂਥ ‘ਤੇ ਆਏ ਸਨ।
ਅਦਾਕਾਰਾ ਸਮਾਇਰਾ ਸੰਧੂ ਵੀ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਵਿੱਚ ਵੋਟ ਪਾਉਣ ਲਈ ਮੁੰਬਈ ਤੋਂ ਪਹੁੰਚੀ। ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਬਾਅਦ ਸਮਾਇਰਾ ਨੇ ਕਿਹਾ, ”ਮੈਂ ਆਪਣੀ ਵੋਟ ਪਾ ਦਿੱਤੀ ਹੈ। ਮੈਂ ਆਪਣੀ ਵੋਟ ਪਾਉਣ ਲਈ ਖਾਸ ਤੌਰ ‘ਤੇ ਮੁੰਬਈ ਤੋਂ ਆਈ ਹਾਂ…ਮੈਂ ਚੰਗੀ ਭੀੜ ਦੇਖ ਸਕਦੀ ਹਾਂ। ਵੋਟਰ ਵੱਡੀ ਗਿਣਤੀ ਵਿੱਚ ਬਾਹਰ ਆ ਰਹੇ ਹਨ।