Skip to content
ਬੀਬੀ ਦਲੇਰ ਕੌਰ ਖਾਲਸਾ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਇਤਿਹਾਸ ਸੁਣਾਇਆ
ਜਲੰਧਰ (ਪਰਮਜੀਤ ਸਿੰਘ ਨੈਨਾ) : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅੱਜ ਰਾਤ ਜੂਨ 1984-ਸਾਕਾ ਨੀਲਾ ਤਾਰਾ ਅਪ੍ਰੇਸ਼ਨ ਦੇ ਸਮੂਹ ਗਿਆਤ ਅਗਿਆਤ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ। ਪੰਥਕ ਢਾਡੀ ਜੱਥਾ ਬੀਬੀ ਦਲੇਰ ਕੌਰ ਖਾਲਸਾ ਦੇ ਜੱਥੇ ਨੇ ਬੀਰ ਰਸ ਨਾਲ ਲਬਰੇਜ਼ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਤੇ ਵਿਚਰ ਰਹੀ ਹੈ, ਇਹ ਸੰਤਾਪ ਭੁੱਲ ਨਹੀਂ ਸਕਦੀ। ਬੀਬੀ ਦਲੇਰ ਕੌਰ ਨੇ ਆਪਣੀਆਂ ਵਾਰਾਂ ਰਾਹੀਂ ਦੱਸਿਆ ਕਿ ਕੌਮਾਂ ਕਦੀ ਵੀ ਸਰਕਾਰੀ ਤਸ਼ੱਦਦ ਨਾਲ ਨਹੀਂ ਮੁੱਕਦੀਆਂ ਬਲਹਿ ਆਪਣੇ ਇਤਿਹਾਸ ਨੂੰ ਭੁੱਲਣ ਨਾਲ ਹੀ ਖਤਮ ਹੁੰਦੀਆਂ ਹਨ। ਸਿੱਖ ਕੌਮ ਦੀ ਬੜੀ ਵੱਡੀ ਤਰਾਸਦੀ ਹੈ ਕਿ ਅਸੀਂ ਜੂਨ 84 ਦੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਤੋਂ ਗਾਫ਼ਲ ਹੁੰਦੇ ਜਾ ਰਹੇ ਹਾਂ। ਅਪ੍ਰੇਸ਼ਨ ਬਲਿਊ ਸਟਾਰ ਸਮੁੱਚੀ ਕੌਮ ਦੇ ਹਿਰਦੇ ਤੇ ਨਾ ਭੁੱਲਣਯੋਗ ਜ਼ਖ਼ਮ ਹੈ। ਖੱਚਾ-ਖੱਚ ਭਰੇ ਦਰਬਾਰ ਹਾਲ ਵਿਚ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਢਾਡੀ ਜੱਥੇ ਦੀ ਹੌਂਸਲਾ ਅਫਜ਼ਾਈ ਕੀਤੀ। ਗੁਰਦੁਆਰਾ ਸਾਹਿਬ ਵਲੋਂ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸ੍ਰ ਦਵਿੰਦਰ ਸਿੰਘ ਰਹੇਜਾ ਨੇ ਢਾਡੀ ਜੱਥੇ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ। ਸਮਾਪਤੀ ਉਪਰੰਤ ਸਮੂਹ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ ਗਿਆ।
Related