ਗੁਰੂ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਨਗਰ ਬਿਲਗਾ ਆਪਣੀ ਪਾਵਨ ਬੁੱਕਲ ਵਿੱਚ ਅਨਮੋਲ ਅਧਿਆਤਮਕ ਗੌਰਵਮਈ ਵਿਰਸਾ ਸਮੋਈ ਬੈਠਾ ਹੈ । ਪੰਜਾਬ ਦਾ ਸਿੱਖ ਇਤਿਹਾਸ, ਗੁਰੂ ਖਾਲਸਾ ਤਵਾਰੀਖ਼ ਅਤੇ ਮਹਾਨ ਕੋਸ਼ ਅਨੁਸਾਰ ਕੁਦਰਤੀ ਸੁੰਦਰਤਾ ਨਾਲ ਭਰਪੂਰ ਅਤੇ ਸੁਭਾਗ ਭਰੀ ਧਰਤੀ ਉਤੇ ਇਸ ਨਗਰ ਵਿੱਚ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸੁਸ਼ੋਭਿਤ ਹੈ। ਇਤਿਹਾਸਕ ਸ੍ਰੋਤਾਂ ਅਨੁਸਾਰ 20 ਹਾੜ ਸੰਮਤ 1646 ਬਿਕ੍ਰਮੀ 26 ਸਾਲ ਦੀ ਉਮਰ ਵਿਚ ਸਤਿਗੁਰੂ ਜੀ ਮਉ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਵਿਆਹੁਣ ਜਾ ਰਹੇ ਇਕ ਦਿਨ ਅਤੇ ਇਕ ਰਾਤ ਬਰਾਤ ਸਹਿਤ ਆਪ ਨੇ ਇਥੇ ਵਿਸ਼ਰਾਮ ਕੀਤਾ ਉਸ ਸਮੇਂ ਦੀਆਂ ਬੇਹੱਦ ਅਨਮੋਲ ਵਸਤੂਆਂ ਅਤੇ ਸੁੰਦਰ ਬਸਤਰ ਯਾਦਗਾਰੀ ਵਜੋਂ ਗੁਰਦੁਆਰੇ ਵਿਚ ਸੁਸ਼ੋਭਿਤ ਹਨ।ਇਸੇ ਹੀ ਇਤਿਹਾਸਕ ਨਗਰ ਦੇ ਨਜ਼ਦੀਕ ਪੁਆਧੜਾ ਰੋਡ ਤੇ ਬਾਲ ਜਤੀ ਕਰੁਣਾ ਨਿਧ ਉਦਾਸੀਨ ਭੇਖ ਦੇ ਬਾਨੀ, ਮਹਾਨ ਤਿਆਗੀ, ਮਹਾਨ ਤਪੱਸਵੀ, ਭਗਵਾਨ ਬਾਬਾ ਸ਼੍ਰੀਚੰਦ ਜੀ ਦੀ ਚਰਨ ਛੋਹ ਨਾਲ ਨਿਵਾਜਿਆ ਇਤਿਹਾਸਕ ਡੇਰਾ ਤੱਪ ਅਸਥਾਨ ਉਦਾਸੀਨ ਆਸ਼ਰਮ, ਸ੍ਰੀਚੰਦ ਭਗਵਾਨ ਬਿਲਗਾ ਸੁਭਾਇਮਾਨ ਹੈ। ਸਿੱਖ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਅੱਜ ਤੋਂ 435 ਸਾਲ ਪਹਿਲਾਂ ਇਸ ਪਵਿੱਤਰ ਅਸਥਾਨ ਤੇ ਭਗਵਾਨ ਸ਼੍ਰੀਚੰਦ ਜੀ ਨੇ ਧੂਣਾ ਲਾ ਕੇ 28 ਦਿਨ ਘੋਰ ਤਪੱਸਿਆ ਕੀਤੀ। ਉਸ ਸਮੇਂ ਤੋਂ ਇਸ ਤੱਪ ਅਸਥਾਨ ਤੇ ਨਿਰੰਤਰ ਧੂਣਾ ਜਾਰੀ ਹੈ। ਧੰਨ ਧੰਨ ਬਾਬਾ ਸ੍ਰੀਚੰਦ ਜੀ ਦਾ ਜਨਮ ਸੁਲਤਾਨਪੁਰ ਲੋਧੀ ਵਿਖੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਪਾਵਨ ਕੁੱਖ ਤੋਂ ਭਾਦਰੋਂ ਸੁਦੀ ਨੌਵੀਂ ਦਿਨ ਸ਼ੁਕਰਵਾਰ 10 ਅਗਸਤ 1494 ਈ: ਮੁਤਾਬਿਕ 5 ਸਾਵਣ 1551 ਬਿਕ੍ਰਮੀ ਨੂੰ ਹੋਇਆ, ਉਸ ਸਮੇਂ ਆਪ ਜੀ ਦੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿਚ ਸੇਵਾ ਨਿਭਾ ਰਹੇ ਸਨ। ਸੁਲਤਾਨਪੁਰ ਲੋਧੀ, ਸੁਲਤਾਨ ਖਾਨ ਨੇ ਪੰਦਰਵੀਂ ਸਦੀ ਵਿਚ ਵਸਾਇਆ ਸੀ। ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਇਥੇ, ਸ੍ਰੀ ਨਨਕਾਣਾ ਸਾਹਿਬ ਜੀ ਰਾਇ ਭਇ ਦੀ ਤਲਵੰਡੀ ਤੋਂ ਸੰਨ 1464 ਈ. ਨੂੰ ਤਸ਼ਰੀਫ ਲਿਆਏ। ਇਨ੍ਹਾਂ ਤੇ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੁਲਤਾਨਪੁਰ ਦੀ ਧਰਤੀ ਤੇ ਚਰਨ ਪਾ ਕੇ ਅਨੇਕਾਂ ਹੀ ਪਰਉਪਕਾਰੀ ਰੂਹਾਨੀ ਕੌਤਕ ਵਰਤਾਏ। ਸਤਿਗੁਰੂ ਜੀ ਨੇ ਸੰਸਾਰਕ ਜਗਤ ਜਲੰਦੇ ਦਾ ਉਧਾਰ ਕਰਨ ਵਾਸਤੇ 1501 ਈ. ਨੂੰ ਚੜਿਆ ਸੋਧਣਿ ਧਰਤ ਲੋਕਾਈ ਪਹਿਲੀ ਉਦਾਸੀ ਸੁਲਤਾਨਪੁਰ ਤੋਂ ਆਰੰਭ ਕੀਤੀ। ਇਸ ਨਗਰੀ ਤੋਂ ਹੀ ਬੇਦੀ ਕੁੱਲ ਦੇ ਰੱਖਿਅਕ ਭਗਵਾਨ ਸ੍ਰੀਚੰਦ ਜੀ ਨੇ ਛੋਟੀ ਉਮਰ ਵਿੱਚ ਜੰਗਲਾਂ ਵਿਚ ਜਾ ਕੇ ਸਮਾਧੀ ਵਿਚ ਸਥਿਤ ਹੋ ਕੇ ਘੋਰ ਤਪੱਸਿਆ ਸ਼ੁਰੂ ਕੀਤੀ ਅਤੇ ਆਪ ਨੇ ਆਪਣੇ ਗੁਰਦੇਵ ਪਿਤਾ ਦੇ ਹੁਕਮ ਵਿਚ ਦੂਰ-ਦੂਰ ਤੱਕ ਦੇਸ਼ ਦਾ ਭ੍ਰਮਣ ਕੀਤਾ ਆਪ ਦੇ ਸਮੇਂ ਅੰਦਰ ਮੁਸਲਮਾਨ ਸ਼ਾਸਕ ਹਿੰਦੂ ਪਰਜਾ ਉਤੇ ਜ਼ੁਲਮ ਢਾਹੁਣ ਵਿੱਚ ਸਭ ਤੋਂ ਅੱਗੇ ਸਨ ਇਸ ਲਈ ਆਪ ਨੇ ਗੁਰਦਾਸਪੁਰ ਜਿਲੇ ਵਿੱਚ ਡੇਰਾ ਬਾਬਾ ਨਾਨਕ ਤੋਂ 19 ਮੀਲ ਦੂਰ ਬਾਰਠ ਪਿੰਡ ਵਿਖੇ ਧਰਮ ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ। ਇਥੇ ਹੀ ਸ੍ਰੀ ਗੁਰੂ ਅਮਰਦਾਸ ਜੀ, ਪਾ ਚੌਥੀ ਪਾ ਪੰਜਵੀਂ ਤੇ ਛੇਵੇਂ ਗੁਰੂ ਜੀ ਬਾਬਾ ਜੀ ਕੋਲ ਦਰਸ਼ਨਾਂ ਲਈ ਪਧਾਰੇ ਸਨ। ਇਸੇ ਤਰ੍ਹਾਂ ਦੂਜਾ ਸਥਾਨ ਸ੍ਰੀਨਗਰ (ਕਸ਼ਮੀਰ) ਤੀਜਾ ਠੱਠਾ (ਸਿੰਧ ਪ੍ਰਦੇਸ਼) ਚੌਬਾ ਪੇਸ਼ਾਵਰ (ਸੀਮਾਪ੍ਰਾਂਤ) ਅਤੇ ਪੰਜਵਾਂ ਕੇਂਦਰ ਅਸਥਾਨ ਕਾਬਲ ਅਫਗਾਨਿਸਤਾਨ ਵਿਖੇ ਸਥਾਪਿਤ ਕੀਤਾ। ਇਸ ਤੋਂ ਇਲਾਵਾ ਆਪ ਜੀ ਦੇ ਤਪ ਅਸਥਾਨ ਮਾਮੂਨ ਪਠਾਨਕੋਟ, ਕਨਖਲ (ਯੂ.ਪੀ) ਕਾਦਿਰਾਬਾਦ (ਜਿਲਾ ਗੁਰਦਾਸਪੁਰ ਦਵਾਰਕਾ, ਅਚਲੇਸ਼ਵਰ ਚੰਬਾ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ ਤੱਪ ਅਸਥਾਨ ਗਦੌਰੀ ਸਾਹਿਬ ਵੱਲ ਗੁਰਦੁਆਰਾ ਗੁਰੂ ਨਾਨਕ ਜੋਤ ਕੁਠਨੰਗਲ ਜਿਲ੍ਹਾ ਕਾਂਗੜਾ, ਗੋਪਾਲ ਨਗਰ, ਜ਼ਿਲ੍ਹਾ ਜਲੰਧਰ) ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਭਗਵਾਨ ਸ੍ਰੀਚੰਦ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਕ ਅਸਥਾਨਾਂ ਵਿਚ ਉਦਾਸੀਨ ਆਸ਼ਰਮ ਤਪ ਅਸਥਾਨ ਭਗਵਾਨ ਸ੍ਰੀਚੰਦ ਜੀ ਮਹਾਰਾਜ ਪਿੰਡ ਬਿਲਗਾ ਜਿਲ੍ਹਾ ਜਲੰਧਰ ਵਿਖੇ ਸੁਸ਼ੋਭਿਤ ਹੈ। ਅੱਜ ਇਹ ਪਾਵਨ ਅਸਥਾਨ ਸੇਵਾ ਸਿਮਰਨ ਗੁਰਮਤਿ ਪ੍ਰਚਾਰ ਅਤੇ ਉਦਾਸੀ ਸੰਪ੍ਰਦਾਇ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ। ਇਥੋਂ ਦੇ ਅਤੇ ਤੱਪ ਅਸਥਾਨ ਬਾਬਾ ਸੁੰਦਰ ਦਾਸ ਜੀ ਸਿੱਧਵਾਂ ਬੇਟ (ਜ਼ਿਲ੍ਹਾ ਲੁਧਿਆਣਾ ਦੇ ਮੁੱਖ ਸੰਚਾਲਕ ਤੱਤ ਬੇਤੇ ਅਧਿਆਤਮਕ ਦ੍ਰਿਸ਼ਟੀ ਦੇ ਮਾਲਕ ਗੋਰਵ-ਮਈ ਧਰਮ ਵਿਰਸੇ ਦੇ ਮਕਬੂਲ ਉਘੇ ਬੁਲਾਰੇ ਸ੍ਰੀਮਾਨ ਮਹੰਤ ਪਿਆਰਾ ਦਾਸ ਜੀ ਤੋਂ ਵਰਸਾਏ ਸੁਆਮੀ ਸੁਖਦੇਵ ਸਿੰਘ ਜੀ ਪਿਛਲੇ ਲੰਮੇਰੇ ਸਮੇਂ ਤੋਂ ਪਹਿਲੇ ਪੰਗਤ ਪਾਛੇ ਸੰਗਤ ਦੀ ਅਧਿਆਤਮਕ ਲੰਗਰ ਦੀ ਪ੍ਰਥਾ ਨੂੰ ਜਾਰੀ ਰੱਖਦਿਆਂ ਸਭ ਧਾਰਮਿਕ ਸੰਪ੍ਰਦਾਵਾਂ, ਸਮੂਹ ਜਥੇਬੰਦੀਆਂ, ਸਮੂਹ ਨਾਨਕ ਨਾਮ, ਭੇਖਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਦੇਸ ਪ੍ਰਦੇਸ ਦੀਆ ਸੰਗਤਾਂ ਦੇ ਸਹਿਯੋਗ ਦੁਆਰਾ ਹਰ ਸਾਲ ਮਹਾਨ ਤਪੱਸਵੀ ਬਾਬਾ ਸ੍ਰੀਚੰਦ ਜੀ ਮਹਾਰਾਜ ਦਾ, ਭਾਦਰੋਂ ਸੁਦੀ ਨੌਵੀਂ ਨੂੰ ਪ੍ਰਕਾਸ਼ ਦਿਵਸ ਗੁਰਦੁਆਰਾ ਡੇਰਾ ਉਦਾਸੀਨ ਆਸ਼ਰਮ ਪੁਆਧੜਾ ਰੋਡ ਬਿਲਗਾ ਵਿਖੇ ਮਹੰਤ ਪਿਆਰਾ ਦਾਸ ਅਤੇ ਸ੍ਰੀਮਾਨ ਸੁਆਮੀ ਸੁਖਦੇਵ ਸਿੰਘ ਜੀ ਦੀ ਰਹਿਨੁਮਾਈ ਹੇਠ ਸਲਾਨਾ ਜੋੜ ਮੇਲਾ, ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਸੁਆਮੀ ਸੰਤੋਖ ਸਿੰਘ ਜੀ ਵਲੋਂ ਪ੍ਰਾਪਤ ਸਮਾਚਾਰ ਅਨੁਸਾਰ 30 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਕੇ 1 ਸਤੰਬਰ 2025 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਭੋਗ ਉਪ੍ਰੰਤ ਸਜਾਏ ਗਏ ਦੀਵਾਨ ਵਿੱਚ ਪੰਥਕ ਰਾਗੀ ਢਾਡੀ ਕਵੀਸ਼ਰੀ ਜੱਥੇ ਅਤੇ ਸੰਤ ਮਹਾਂਪੁਰਖ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਜੱਸ ਰਾਹੀਂ ਨਿਹਾਲ ਕਰਨਗੇ। ਪੰਜਾਬ ਸਰਕਾਰ ਵਲੋਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਉਤਸਵ 1 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਅਕਾਲੀ ਆਗੂ ਸ੍ਰ ਕੁਲਵਿੰਦਰ ਸਿੰਘ ਲਾਲ ਨੇ ਦੱਸਿਆ ਬਾਬਾ ਸ੍ਰੀ ਚੰਦ ਜੀ ਦੇ ਜਨਮ ਉਤਸਵ ਤੇ ਹਰ ਸਾਲ ਛੁੱਟੀ ਹੋਇਆ ਕਰੇਗੀ। ਉਦਾਸੀਨ ਸੰਪ੍ਰਦਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । 29 ਅਸਤ ਤੋਂ 1 ਸਤੰਬਰ ਤੱਕ ਗੁਰੂ ਕਾ ਅਤੁੱਟ ਲੰਗਰ ਵਰਤੇਗਾ। ਬਾਬਾ ਜੀ ਦੇ ਜਨਮ ਉਤਸਵ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ।