ਬੰਗਾ ਫਲਾਈਓਵਰ ਤੋਂ ਹੇਠਾਂ ਡਿੱਗੀ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ, 3 ਦੀ ਮੌਤ

ਬੰਗਾ (ਅਰਸ਼ਦੀਪ ਸਿੰਘ ਕਾਲੜਾ)  : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ-ਤਹਿਸੀਲ ਬੰਗਾ ਵਿੱਚ ਅੱਜ ਸਵੇਰੇ ਕਰੀਬ 5 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਮਨਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਇੱਕ ਬੱਸ ਬੰਗਾ ਫਲਾਈਓਵਰ ’ਤੇ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਜਾ ਡਿੱਗੀ। ਹਾਦਸੇ ਵਿੱਚ ਕੰਡਕਟਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕਾਂ ਵਿੱਚ ਇੱਕ ਵਿਦਿਆਰਥਣ ਵੀ ਸ਼ਾਮਲ ਦੱਸੀ ਜਾ ਰਹੀ ਹੈ।

ਮੌਕੇ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ, ਬੱਸ ਜਦੋਂ ਬੰਗਾ ਫਲਾਈਓਵਰ ’ਤੇ ਪਹੁੰਚੀ ਤਾਂ ਕਥਿਤ ਤੌਰ ’ਤੇ ਡਰਾਈਵਰ ਦੀ ਅੱਖ ਲੱਗਣ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਪੁਲ ਤੋਂ ਹੇਠਾਂ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਚੀਕ-ਪੁਕਾਰ ਮਚ ਗਈ।

ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ। ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ, ਜਦਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਤ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮਾਮਲੇ ਨਾਲ ਸਬੰਧਤ ਤੱਥ ਇਕੱਠੇ ਕੀਤੇ ਜਾ ਰਹੇ ਹਨ।