ਜਤਿੰਦਰ ਪਿੰਕਲ, ਫਿਰੋਜ਼ਪੁਰ ਮੋਗਾ ਰੋਡ ’ਤੇ ਪਿੰਡ ਮਾਨਾ ਸਿੰਘ ਵਾਲਾ ਸਥਿਤ ਭਗਵਤੀ ਇੰਡਸਟਰੀਅਲ ਗਰੁੱਪ ਲਿਮਟਿਡ ਦੇ ਬਰਦਾਨਾ ਗੋਦਾਮ ਵਿੱਚ ਬੁੱਧਵਾਰ ਤੜਕਸਾਰ ਕਰੀਬ 1 ਵਜੇ ਅਚਾਨਕ ਅੱਗ ਲੱਗ ਗਈ। ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਗੋਦਾਮ ਵਿੱਚ ਪਿਆ ਬਰਦਾਨਾ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਹੀ ਗੋਦਾਮ ਦੇ ਨਾਲ ਲੱਗਦੇ ਲੇਬਰ ਕੁਆਰਟਰਾਂ ਨੂੰ ਵੀ ਨੁਕਸਾਨ ਪਹੁੰਚਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਿਰੋਜ਼ਪੁਰ ਸ਼ਹਿਰ, ਜੀਰਾ ਅਤੇ ਫਰੀਦਕੋਟ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਗੋਦਾਮ ਵਿੱਚ ਪਏ ਬਰਦਾਨੇ ਅਤੇ ਨਾਲ ਲੱਗਦੇ ਕੁਆਰਟਰਾਂ ਦੇ ਨੁਕਸਾਨ ਕਾਰਨ ਕਾਫੀ ਮਾਲੀ ਨੁਕਸਾਨ ਹੈ।