ਝਗੜੇ ਤੋਂ ਬਾਅਦ ਹੋਈ ਫਾਇਰਿੰਗ; ਮੌਕੇ ਤੋਂ ਫਰਾਰ ਹੋਏ ਮੁਲਜ਼ਮਾਂ ਦੀ CCTV ਫੁਟੇਜ ਆਈ ਸਾਹਮਣੇ, ਪੁਲਿਸ ਵੱਲੋਂ ਜਾਂਚ ਜਾਰੀ

ਅਮਿਤ ਨੱਖਵਾਲ: ਮੋਹਾਲੀ ਦੇ ਪਿੰਡ ਖੇੜਾ ਨੇੜੇ ਐਤਵਾਰ ਦੇਰ ਰਾਤ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਨੌਜਵਾਨ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਨੌਜਵਾਨਾਂ ਦਾ ਇੱਕ ਸਮੂਹ ਜਨਮ ਦਿਨ ਦੀ ਪਾਰਟੀ ਮਨਾ ਰਿਹਾ ਸੀ। ਇਸੇ ਦੌਰਾਨ ਉੱਥੇ ਪਹੁੰਚੇ ਸਲਮਾਨ ਦੀ ਕੁਝ ਹੋਰ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਵੇਖਦੇ ਹੀ ਵੇਖਦੇ ਮਾਮਲਾ ਇੰਨਾ ਵਧ ਗਿਆ ਕਿ ਗੋਲੀਬਾਰੀ ਦੇ ਨਾਲ ਚਾਕੂ ਨਾਲ ਹਮਲਾ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।

ਹਮਲੇ ਦੌਰਾਨ ਸਲਮਾਨ ਦੀ ਬਾਂਹ ’ਤੇ ਗੋਲੀ ਲੱਗੀ, ਜਦਕਿ ਸੁਮਨ ਨਾਮਕ ਲੜਕੀ ਛਰਰਾ ਲੱਗਣ ਕਾਰਨ ਜ਼ਖ਼ਮੀ ਹੋ ਗਈ। ਸੁਮਨ ਚੰਡੀਗੜ੍ਹ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਜ਼ਖ਼ਮੀ ਸਲਮਾਨ ਦੀ ਪਛਾਣ 18 ਸਾਲਾ ਨੌਜਵਾਨ ਵਜੋਂ ਹੋਈ ਹੈ।

ਘਟਨਾ ਤੋਂ ਬਾਅਦ ਸਲਮਾਨ ਨੇ ਹਮਲਾਵਰਾਂ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਐਕਟਿਵਾ ’ਤੇ ਉਸ ਦਾ ਪਿੱਛਾ ਵੀ ਕੀਤਾ। ਮੋਹਾਲੀ ਪਿੰਡ ਵਿੱਚ ਸਕੂਲ ਨੇੜੇ ਸਲਮਾਨ ਸੜਕ ’ਤੇ ਡਿੱਗ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਦੇਖ ਕੇ ਲੋਕ ਮੌਕੇ ’ਤੇ ਇਕੱਠੇ ਹੋ ਗਏ, ਜਿਸ ਤੋਂ ਬਾਅਦ ਹਮਲਾਵਰ ਉੱਥੋਂ ਫਰਾਰ ਹੋ ਗਏ।

ਸਥਾਨਕ ਲੋਕਾਂ ਨੇ ਤੁਰੰਤ ਸਲਮਾਨ ਨੂੰ ਹਸਪਤਾਲ ਪਹੁੰਚਾਇਆ। ਇਸੇ ਦੌਰਾਨ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਕੀਤੇ ਹਨ।

ਇਸ ਘਟਨਾ ਨਾਲ ਜੁੜੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਥਿਤ ਤੌਰ ’ਤੇ ਕੁਝ ਨੌਜਵਾਨ ਘਟਨਾ ਤੋਂ ਬਾਅਦ ਮੌਕੇ ਤੋਂ ਭੱਜਦੇ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਗੋਲੀਬਾਰੀ ਦੇ ਕਾਰਨਾਂ ਅਤੇ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਸਬੰਧੀ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਰਿਪੋਰਟ:- ਅਮਿਤ ਨੱਖਵਾਲ