
Skip to content

ਮੋਢੇ ’ਚ ਗੋਲੀ ਲੱਗਣ ਕਾਰਨ ਅਮਰਜੀਤ ਸਿੰਘ ਗੰਭੀਰ ਜ਼ਖਮੀ, ਅੰਮ੍ਰਿਤਸਰ ਕੀਤਾ ਰੈਫਰ
ਅਮਿਤ ਨੱਖਵਾਲ: ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਸੋਮਵਾਰ ਨੂੰ ਗੋਲੀਬਾਰੀ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਟੇਸ਼ਨ ਰੋਡ ਤੋਂ ਅਜਨਾਲਾ ਰੋਡ ਵੱਲ ਜਾ ਰਹੇ ਅਮਰਜੀਤ ਸਿੰਘ ਦਿਓ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਉਨ੍ਹਾਂ ਦੇ ਮੋਢੇ ’ਤੇ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਘਟਨਾ ਤੋਂ ਬਾਅਦ ਜ਼ਖਮੀ ਅਮਰਜੀਤ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਫਤਿਹਗੜ੍ਹ ਚੂੜੀਆਂ ਲਿਜਾਇਆ ਗਿਆ। ਮੁੱਢਲਾ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਦਿਓ ਵਾਰਡ ਨੰਬਰ 5 ਦੇ ਕਾਂਗਰਸੀ ਕੌਂਸਲਰ ਰਣਜੀਤ ਸਿੰਘ ਦਿਓ ਦੇ ਚਾਚਾ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ੍ਹ ਚੂੜੀਆਂ ਦੇ ਡੀਐਸਪੀ ਲਲਿਤ ਕੁਮਾਰ ਅਤੇ ਐਸਐਚਓ ਗੁਰਿੰਦਰ ਸਿੰਘ ਢਿੱਲੋਂ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਨਗਰ ਕੌਂਸਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ ਅਤੇ ਜ਼ਖਮੀ ਦੇ ਭਤੀਜੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਜਦੋਂ ਸਟੇਸ਼ਨ ਰੋਡ ਤੋਂ ਅਜਨਾਲਾ ਰੋਡ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਇੱਕ ਗੋਲੀ ਅਮਰਜੀਤ ਸਿੰਘ ਦੇ ਮੋਢੇ ਵਿੱਚ ਲੱਗੀ।
ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਲਲਿਤ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਰਿਪੋਰਟ:- ਅਮਿਤ ਨੱਖਵਾਲ
Related