
Skip to content

ਪ੍ਰੇਮ ਵਿਆਹ ਤੋਂ ਕਰੀਬ ਇੱਕ ਮਹੀਨੇ ਬਾਅਦ ਵਾਪਰੀ ਵਾਰਦਾਤ, ਬੱਸ ਸਟੈਂਡ ਦੇ ਬਾਹਰ ਚਾਕੂਆਂ ਨਾਲ ਹਮਲਾ
ਅਮਿਤ ਨੱਖਵਾਲ: ਤਰਨਤਾਰਨ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਦੋ ਸਾਲਿਆਂ ਵੱਲੋਂ ਆਪਣੇ ਜੀਜੇ ਦਾ ਕਤਲ ਕੀਤੇ ਜਾਣ ਦਾ ਦੋਸ਼ ਲੱਗਾ ਹੈ। ਮ੍ਰਿਤਕ ਦੀ ਪਛਾਣ ਪਿੰਡ ਕੱਦ ਗਿੱਲ ਵਾਸੀ ਜਗਜੀਤ ਸਿੰਘ ਉਰਫ਼ ਜੱਗਾ ਵਜੋਂ ਹੋਈ ਹੈ। ਜਗਜੀਤ ਸਿੰਘ ਡੀਜੇ ਦਾ ਕੰਮ ਕਰਦਾ ਸੀ।
ਜਾਣਕਾਰੀ ਮੁਤਾਬਕ ਜਗਜੀਤ ਸਿੰਘ ਦਾ ਆਪਣੀ ਪਤਨੀ ਜਸ਼ਨਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਰੀਬ ਇੱਕ ਮਹੀਨਾ ਪਹਿਲਾਂ ਘਰੋਂ ਚਲੇ ਗਏ ਸਨ ਅਤੇ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾ ਲਿਆ ਸੀ। ਇਸ ਵਿਆਹ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿੱਚ ਨਾਰਾਜ਼ਗੀ ਦੱਸੀ ਜਾ ਰਹੀ ਹੈ।
ਪਰਿਵਾਰਕ ਜਾਣਕਾਰੀ ਅਨੁਸਾਰ ਮਾਮਲਾ ਪੰਚਾਇਤ ਤੱਕ ਵੀ ਪਹੁੰਚਿਆ ਸੀ। ਬਾਅਦ ਵਿੱਚ ਜੱਗਾ ਆਪਣੀ ਪਤਨੀ ਨੂੰ ਉਸਦੇ ਪੇਕੇ ਘਰ ਤੋਂ ਪਿੰਡ ਕੱਦ ਗਿੱਲ ਲੈ ਆਇਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਹੀ ਇਹ ਵਾਰਦਾਤ ਵਾਪਰ ਗਈ।
ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸਵੇਰੇ ਜਗਜੀਤ ਸਿੰਘ ਦੀ ਸੱਸ ਕੁਲਵਿੰਦਰ ਕੌਰ ਨੇ ਉਸ ਨੂੰ ਬੱਸ ਸਟੈਂਡ ਨੇੜੇ ਗੱਲਬਾਤ ਲਈ ਬੁਲਾਇਆ। ਜੱਗਾ ਮੋਟਰਸਾਈਕਲ ’ਤੇ ਕੋਲਡ ਡਰਿੰਕ ਅਤੇ ਸਮੋਸੇ ਲੈ ਕੇ ਉੱਥੇ ਪਹੁੰਚਿਆ। ਦੋਸ਼ ਹੈ ਕਿ ਬੱਸ ਸਟੈਂਡ ਦੇ ਬਾਹਰ ਉਸ ਦੀ ਪਤਨੀ ਦੇ ਭਰਾ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਉਸ ਨੂੰ ਘੇਰ ਲਿਆ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਵਾਰਦਾਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲੇ ਦੀ ਘਟਨਾ ਕੁਝ ਹੀ ਸਕਿੰਟਾਂ ਵਿੱਚ ਵਾਪਰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਵੀਡੀਓ ਦੇ ਆਧਾਰ ’ਤੇ ਸਾਹਮਣੇ ਆ ਰਹੇ ਦਾਅਵਿਆਂ ਦੀ ਪੁਲਿਸ ਜਾਂਚ ਕਰ ਰਹੀ ਹੈ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਜਗਜੀਤ ਸਿੰਘ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਇੱਕ ਕਥਿਤ ਮੁਲਜ਼ਮ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਪਤਨੀ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਹੈ।
ਇਸ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਫਿਲਹਾਲ ਕਤਲ ਪਿੱਛੇ ਅਸਲ ਕਾਰਨ, ਹਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਅਤੇ ਹੋਰ ਤੱਥਾਂ ਬਾਰੇ ਪੁਲਿਸ ਜਾਂਚ ਜਾਰੀ ਹੈ।
ਰਿਪੋਰਟ: ਅਮਿਤ ਨੱਖਵਾਲ
Related