ਬ੍ਰਿਟੇਨ ਵਿੱਚ ਯਾਤਰੀ ਰੇਲਗੱਡੀ ਪਟੜੀ ਤੋਂ ਉਤਰੀ, 11 ਜ਼ਖ਼ਮੀ; 2 ਦੀ ਹਾਲਤ ਗੰਭੀਰ

ਲਿਊਜ਼ (ਅਰਸ਼ਦੀਪ ਸਿੰਘ ਕਾਲੜਾ) : ਦੱਖਣੀ ਇੰਗਲੈਂਡ ਦੇ ਸੈਰ-ਸਪਾਟਾ ਕਸਬੇ ਲਿਊਜ਼ ਨੇੜੇ ਵੀਰਵਾਰ ਨੂੰ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ। ਹਾਦਸੇ ਵਿੱਚ ਰੇਲਗੱਡੀ ਦੇ ਘੱਟੋ-ਘੱਟ ਤਿੰਨ ਡੱਬੇ ਪਲਟ ਗਏ, ਜਿਸ ਕਾਰਨ 11 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਰੇਲਗੱਡੀ ਲੰਡਨ ਦੇ ਵਿਕਟੋਰੀਆ ਸਟੇਸ਼ਨ ਤੋਂ ਈਸਟਬੋਰਨ ਵੱਲ ਜਾ ਰਹੀ ਸੀ। ‘ਸਦਰਨ ਰੇਲ’ ਅਤੇ ‘ਨੈੱਟਵਰਕ ਰੇਲ’ ਨੇ ਸਾਂਝੇ ਬਿਆਨ ਰਾਹੀਂ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਹਾਦਸੇ ਤੋਂ ਬਾਅਦ ਮੌਕੇ ’ਤੇ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਅੱਗ ਬੁਝਾਊ ਦਸਤਿਆਂ ਅਤੇ ਪੈਰਾਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਤਿੰਨ ਹੈਲੀਕਾਪਟਰ ਵੀ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਦੀ ਮਦਦ ਕੀਤੀ।

ਰੇਲ ਯਾਤਰੀ ਰੌਬ ਬ੍ਰੈਡਲੀ ਨੇ ਦੱਸਿਆ ਕਿ ਰੇਲਗੱਡੀ ਨੇ ਜਿਵੇਂ ਹੀ ਰਫ਼ਤਾਰ ਫੜੀ, ਉਹ ਜ਼ੋਰ ਨਾਲ ਹਿੱਲਣ ਲੱਗ ਪਈ। ਉਹ ਆਪਣੀ ਛੇ ਸਾਲਾ ਧੀ ਨਾਲ ਇੱਕ ਡੱਬੇ ਵਿੱਚ ਸਵਾਰ ਸਨ। ਅਚਾਨਕ ਡੱਬਾ ਉੱਪਰ ਵੱਲ ਉਛਲਿਆ ਅਤੇ ਬ੍ਰੇਕ ਲਗਾ ਦਿੱਤੀ ਗਈ, ਜਿਸ ਦੌਰਾਨ ਯਾਤਰੀਆਂ ਦਾ ਸਮਾਨ ਅੱਗੇ ਵੱਲ ਜਾ ਡਿੱਗਿਆ।

ਉਨ੍ਹਾਂ ਮੁਤਾਬਕ ਰੇਲਗੱਡੀ ਕਾਫ਼ੀ ਦੇਰ ਤੱਕ ਪਟੜੀ ’ਤੇ ਤਿਲਕਦੀ ਰਹੀ। ਪਿੱਛੇ ਦੇਖਣ ’ਤੇ ਪਤਾ ਲੱਗਿਆ ਕਿ ਪਿਛਲਾ ਹਿੱਸਾ ਖੁੱਲ੍ਹ ਚੁੱਕਾ ਸੀ ਅਤੇ ਅੰਦਰ ਧੂੰਏਂ ਤੇ ਧੂੜ ਨਾਲ ਭਰਿਆ ਹੋਇਆ ਸੀ। ਪਿਛਲਾ ਡੱਬਾ ਪਲਟ ਕੇ ਪਟੜੀ ਦੇ ਕਿਨਾਰੇ ਤੋਂ ਹੇਠਾਂ ਖੇਤ ਵਿੱਚ ਜਾ ਡਿੱਗਿਆ।

ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।