
Skip to content

ਚਮੋਲੀ ਦੀ ਉਸਾਰੀ ਅਧੀਨ ਸੁਰੰਗ ’ਚ ਹਾਦਸਾ, 7 ਕਾਮਿਆਂ ਦੀ ਮੌਤ
ਚਮੋਲੀ (ਅਰਸ਼ਦੀਪ ਸਿੰਘ ਕਾਲੜਾ) : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿਪਲਕੋਟੀ ਵਿਖੇ ਉਸਾਰੀ ਅਧੀਨ ਕਰੀਬ 3 ਕਿਲੋਮੀਟਰ ਲੰਬੀ ਸੁਰੰਗ ਵਿੱਚ ਵੀਰਵਾਰ ਸ਼ਾਮ ਜ਼ਮੀਨ ਖਿਸਕਣ ਕਾਰਨ ਪਾਣੀ ਰਿਸਣਾ ਸ਼ੁਰੂ ਹੋ ਗਿਆ। ਪਾਣੀ ਅਤੇ ਮਲਬਾ ਸੁਰੰਗ ਅੰਦਰ ਭਰ ਜਾਣ ਕਾਰਨ ਕਈ ਕਾਮੇ ਫਸ ਗਏ। ਹਾਦਸੇ ਵਿੱਚ ਕਥਿਤ ਤੌਰ ’ਤੇ 7 ਕਾਮਿਆਂ ਦੀ ਮੌਤ ਹੋ ਗਈ ਹੈ, ਜਦਕਿ ਬਚਾਏ ਗਏ ਕਾਮਿਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ ਇਹ ਹਾਦਸਾ 13 ਅਗਸਤ ਦੀ ਸ਼ਾਮ ਕਰੀਬ 7 ਵਜੇ ਪਿਪਲਕੋਟੀ ਦੇ ਮਾਇਆਪੁਰ ਵਿਖੇ ਨਿਰਮਾਣ ਅਧੀਨ THDC ਸੁਰੰਗ ਵਿੱਚ ਵਾਪਰਿਆ। ਜ਼ਮੀਨ ਖਿਸਕਣ ਤੋਂ ਬਾਅਦ ਸੁਰੰਗ ਵਿੱਚ ਤੇਜ਼ੀ ਨਾਲ ਪਾਣੀ ਅਤੇ ਮਲਬਾ ਇਕੱਠਾ ਹੋ ਗਿਆ, ਜਿਸ ਕਾਰਨ ਅੰਦਰ ਮੌਜੂਦ ਕਾਮਿਆਂ ਨੂੰ ਬਾਹਰ ਕੱਢਣ ਵਿੱਚ ਬਚਾਅ ਦਲਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਹਾਦਸੇ ਵਿੱਚ ਮਾਰੇ ਗਏ ਕਾਮਿਆਂ ਦੀ ਪਛਾਣ ਮੁਕੇਸ਼, ਪ੍ਰਦੀਪ ਪੰਵਾਰ, ਦੁਰਲਭ ਸ਼ਰਮਾ, ਵਿਜੇ, ਜਿਤੇਂਦਰ, ਲਕੇਸ਼ਵਰ ਅਤੇ ਘੁਨੇਸ਼ਵਰ ਵਜੋਂ ਦੱਸੀ ਗਈ ਹੈ।
ਬਚਾਅ ਦਲਾਂ ਵੱਲੋਂ ਮਲਬਾ ਹਟਾਉਣ ਅਤੇ ਸੁਰੰਗ ਅੰਦਰ ਫਸੇ ਕਾਮਿਆਂ ਤੱਕ ਪਹੁੰਚਣ ਲਈ ਲਗਾਤਾਰ ਕਾਰਵਾਈ ਕੀਤੀ ਗਈ। ਅਧਿਕਾਰੀਆਂ ਅਨੁਸਾਰ ਫਸੇ ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਜਾਰੀ ਰਹੇ।

Related