ਜਲੰਧਰ ’ਚ ਐਸ.ਆਈ.ਆਰ.-2026 ਤਹਿਤ ਡ੍ਰਾਫਟ ਵੋਟਰ ਸੂਚੀ ਜਾਰੀ, 14.64 ਲੱਖ ਵੋਟਰ ਦਰਜ

12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਕੀਤੇ ਜਾ ਸਕਣਗੇ, 16 ਅਗਸਤ ਨੂੰ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਦੇ ਮੱਦੇਨਜ਼ਰ ਅੱਜ ਜਲੰਧਰ ਜ਼ਿਲ੍ਹੇ ਵਿੱਚ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਡ੍ਰਾਫਟ ਸੂਚੀ ’ਤੇ ਦਾਅਵੇ ਅਤੇ ਇਤਰਾਜ਼ 12 ਸਤੰਬਰ 2026 ਤੱਕ ਦਾਇਰ ਕੀਤੇ ਜਾ ਸਕਣਗੇ।

 

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਡ੍ਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਕੁੱਲ 14,64,949 ਵੋਟਰ ਦਰਜ ਹਨ।

ਉਨ੍ਹਾਂ ਦੱਸਿਆ ਕਿ 16 ਅਗਸਤ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦੌਰਾਨ ਵੋਟਰ ਆਪਣੇ ਸਬੰਧਤ ਪੋਲਿੰਗ ਸਟੇਸ਼ਨ ’ਤੇ ਪਹੁੰਚ ਕੇ ਡ੍ਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਹੋਰ ਵੇਰਵੇ ਚੈੱਕ ਕਰ ਸਕਣਗੇ।

ਜੇਕਰ ਕਿਸੇ ਯੋਗ ਵੋਟਰ ਦਾ ਨਾਮ ਸੂਚੀ ਵਿੱਚ ਦਰਜ ਨਹੀਂ ਹੈ ਜਾਂ ਨਾਮ, ਪਤਾ ਜਾਂ ਹੋਰ ਵੇਰਵਿਆਂ ਵਿੱਚ ਕੋਈ ਗਲਤੀ ਹੈ ਤਾਂ ਨਿਰਧਾਰਤ ਫਾਰਮ ਰਾਹੀਂ ਦਾਅਵਾ ਜਾਂ ਇਤਰਾਜ਼ ਦਾਇਰ ਕੀਤਾ ਜਾ ਸਕੇਗਾ। ਬੂਥ ਲੈਵਲ ਅਫ਼ਸਰ ਵੀ ਕੈਂਪਾਂ ਦੌਰਾਨ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਮੌਜੂਦ ਰਹਿਣਗੇ ਅਤੇ ਵੋਟਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਹੜੇ ਯੋਗ ਵੋਟਰ ਡ੍ਰਾਫਟ ਸੂਚੀ ਵਿੱਚ ਦਰਜ ਹੋਣ ਤੋਂ ਰਹਿ ਗਏ ਹਨ, ਉਹ ਲੋੜੀਂਦੇ ਘੋਸ਼ਣਾ ਪੱਤਰ ਅਤੇ ਸਹਾਇਕ ਦਸਤਾਵੇਜ਼ਾਂ ਸਮੇਤ ਫਾਰਮ ਨੰਬਰ 6, 6ਏ ਜਾਂ 8, ਜੋ ਵੀ ਲਾਗੂ ਹੋਵੇ, ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 16 ਅਗਸਤ ਨੂੰ ਆਪਣੇ ਸਬੰਧਤ ਪੋਲਿੰਗ ਬੂਥ ’ਤੇ ਪਹੁੰਚ ਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵਿਆਂ ਦੀ ਜਾਂਚ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੋਧ ਲੋੜੀਂਦੀ ਹੋਵੇ ਤਾਂ ਨਿਰਧਾਰਤ ਸਮੇਂ ਅੰਦਰ ਸਬੰਧਤ ਫਾਰਮ ਰਾਹੀਂ ਦਾਅਵਾ ਜਾਂ ਇਤਰਾਜ਼ ਦਾਇਰ ਕੀਤਾ ਜਾ ਸਕਦਾ ਹੈ।

ਡ੍ਰਾਫਟ ਵੋਟਰ ਸੂਚੀ ਮੁੱਖ ਚੋਣ ਅਫ਼ਸਰ, ਪੰਜਾਬ ਦੀ ਅਧਿਕਾਰਤ ਵੈੱਬਸਾਈਟ ਅਤੇ ਜ਼ਿਲ੍ਹਾ ਜਲੰਧਰ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਉਪਲਬਧ ਹੈ। ਇਸ ਤੋਂ ਇਲਾਵਾ ਵੋਟਰ ਸੂਚੀ ਜ਼ਿਲ੍ਹਾ ਚੋਣ ਦਫ਼ਤਰ, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਅਤੇ ਬੂਥ ਲੈਵਲ ਅਫ਼ਸਰਾਂ ਕੋਲ ਵੀ ਦੇਖੀ ਜਾ ਸਕਦੀ ਹੈ।

ਵਰਜੀਤ ਵਾਲੀਆ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ, ਉਨ੍ਹਾਂ ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ। ਇਸ ਸਬੰਧੀ ਵੋਟਰਾਂ ਨੂੰ ਸਮੇਂ ਸਿਰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਵੱਲੋਂ ਮੁੱਢਲੀ ਪ੍ਰਕਾਸ਼ਨਾ ਉਪਰੰਤ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਸੂਚੀ ਦੀ ਹਾਰਡ ਕਾਪੀ ਅਤੇ ਬਿਨਾਂ ਫੋਟੋ ਵਾਲੀ ਸਾਫ਼ਟ ਕਾਪੀ ਵੀ ਮੁਹੱਈਆ ਕਰਵਾਈ ਗਈ। ਇਸ ਮੌਕੇ ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਵੀ ਮੌਜੂਦ ਸਨ।

ਚੋਣ ਪ੍ਰਕਿਰਿਆ ਅਨੁਸਾਰ ਦਾਅਵਿਆਂ ਤੇ ਇਤਰਾਜ਼ਾਂ ਅਤੇ ਨੋਟਿਸ ਪੜਾਅ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।