ਅੱਡਾ ਗੱਗੋ ਬੂਹਾ ’ਚ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ): ਥਾਣਾ ਝਬਾਲ ਅਧੀਨ ਪੈਂਦੇ ਅੱਡਾ ਗੱਗੋ ਬੂਹਾ ਵਿਖੇ ਬੀਤੀ ਰਾਤ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਵਪ੍ਰੀਤ ਸਿੰਘ ਨਵੀ ਮੌਜੂਦਾ ਸਰਪੰਚ ਬੀਬੀ ਕੁਲਵਿੰਦਰ ਕੌਰ ਦੇ ਪਤੀ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਡਾ ਗੱਗੋ ਬੂਹਾ ਵਿਖੇ ਸੁਨਿਆਰੇ ਦੀ ਦੁਕਾਨ ਕਰਨ ਵਾਲੇ ਸੋਨੂੰ ਕੰਡਾ ਨਾਲ ਨਵਪ੍ਰੀਤ ਸਿੰਘ ਨਵੀ ਦੀ ਕਥਿਤ ਤੌਰ ’ਤੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਬੀਤੀ ਰਾਤ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਸੋਨੂੰ ਕੰਡਾ ਅਤੇ ਉਸ ਦੇ ਨਾਲ ਮੌਜੂਦ ਕੁਝ ਹੋਰ ਵਿਅਕਤੀਆਂ ਨੇ ਨਵਪ੍ਰੀਤ ਸਿੰਘ ਨਵੀ ’ਤੇ ਗੋਲੀ ਚਲਾ ਦਿੱਤੀ।

ਗੰਭੀਰ ਜ਼ਖਮੀ ਨਵਪ੍ਰੀਤ ਸਿੰਘ ਨਵੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਝਬਾਲ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਝਬਾਲ ਇਲਾਕੇ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।