
Skip to content

ਗੁਲਾਬ ਸਿੱਧੂ ਦੇ ਘਰ ਗੋਲੀਬਾਰੀ ਮਾਮਲੇ ’ਚ ਸੌਦਾਗਰ ਸਿੰਘ ਗ੍ਰਿਫ਼ਤਾਰ
ਚੰਡੀਗੜ੍ਹ(ਅਰਸ਼ਦੀਪ ਸਿੰਘ ਕਾਲੜਾ) : ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਫਰਵਾਹੀ ਸਥਿਤ ਜੱਦੀ ਘਰ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਅਤੇ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਖੰਨਾ ਤੋਂ ਹਿਰਾਸਤ ਵਿੱਚ ਲੈ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸੌਦਾਗਰ ਸਿੰਘ ਵੀਰਵਾਰ ਨੂੰ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਪਹੁੰਚੇ ਸਨ। ਇਸ ਦੌਰਾਨ ਬਰਨਾਲਾ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਹਿਰਾਸਤ ਵਿੱਚ ਲੈ ਲਿਆ। ਖੰਨਾ ਸਿਟੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਡੀਡੀਆਰ ਦਰਜ ਕੀਤੀ ਗਈ। ਪੁਲਿਸ ਵੱਲੋਂ ਹੁਣ ਸੌਦਾਗਰ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
12-13 ਸਤੰਬਰ ਦੀ ਰਾਤ ਹੋਈ ਸੀ ਗੋਲੀਬਾਰੀ
ਦੱਸਿਆ ਜਾ ਰਿਹਾ ਹੈ ਕਿ 12 ਅਤੇ 13 ਸਤੰਬਰ ਦੀ ਦਰਮਿਆਨੀ ਰਾਤ ਕਰੀਬ 1:30 ਤੋਂ 2 ਵਜੇ ਦੇ ਵਿਚਕਾਰ ਤਿੰਨ ਨੌਜਵਾਨਾਂ ਨੇ ਫਰਵਾਹੀ ਪਿੰਡ ਵਿੱਚ ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਗੋਲੀਆਂ ਚਲਾਈਆਂ। ਘਟਨਾ ਸਮੇਂ ਗਾਇਕ ਘਰ ਵਿੱਚ ਮੌਜੂਦ ਨਹੀਂ ਸੀ। ਹਮਲਾਵਰਾਂ ਵਿੱਚੋਂ ਦੋ ਨੇ ਗੋਲੀਬਾਰੀ ਕੀਤੀ, ਜਦਕਿ ਤੀਜੇ ਨੌਜਵਾਨ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ।
ਜਨਵਰੀ ’ਚ ਵੀ ਹੋਈ ਸੀ ਹਮਲੇ ਦੀ ਕੋਸ਼ਿਸ਼
ਇਸ ਤੋਂ ਪਹਿਲਾਂ 10 ਜਨਵਰੀ 2026 ਨੂੰ ਬਰਨਾਲਾ ਪੁਲਿਸ ਨੇ ਗੁਲਾਬ ਸਿੱਧੂ ’ਤੇ ਹਮਲੇ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਕੋਟਦੁਨਾ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਉਰਫ਼ ਕਿੰਦਾ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਸੀ। ਪੁਲਿਸ ਦਾ ਦਾਅਵਾ ਸੀ ਕਿ ਮੁਲਜ਼ਮ ਗਾਇਕ ਦੇ ਇੱਕ ਗੀਤ ਦੇ ਬੋਲਾਂ ਤੋਂ ਨਾਰਾਜ਼ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।
ਧਮਕੀਆਂ ਦੇ ਮੱਦੇਨਜ਼ਰ ਮਿਲੀ ਹੋਈ ਹੈ ਸੁਰੱਖਿਆ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕਈ ਪੰਜਾਬੀ ਗਾਇਕਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਸੀ। ਗੁਲਾਬ ਸਿੱਧੂ ਨੂੰ ਵੀ ਕਥਿਤ ਤੌਰ ’ਤੇ ਫਿਰੌਤੀ ਦੀਆਂ ਕਾਲਾਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਦੋ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਗਏ ਹਨ।
ਇਸ ਮਾਮਲੇ ਵਿੱਚ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਨੂੰ ਵੀ ਪਹਿਲਾਂ ਖੰਨਾ ਵਿੱਚ ਗੋਲੀਬਾਰੀ ਅਤੇ ਜਬਰਦਸਤੀ ਨਾਲ ਜੁੜੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਈ ਕੋਰਟ ਵੱਲੋਂ ਹਾਲ ਹੀ ਵਿੱਚ ਖੰਨਾ ਪੁਲਿਸ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਜਾਂਚ ਡੀਆਈਜੀ ਪੱਧਰ ਦੇ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

Related