
Skip to content

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰਨੇਡ ਹਮਲੇ ਦੀ ਜਾਂਚ ਹੁਣ NIA ਦੇ ਹਵਾਲੇ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) : ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਸੂਬਾਈ ਮੁੱਖ ਦਫ਼ਤਰ ’ਤੇ 1 ਅਪ੍ਰੈਲ ਨੂੰ ਹੋਏ ਗ੍ਰਨੇਡ ਹਮਲੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਕਰੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੇਸ NIA ਨੂੰ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਏਜੰਸੀ ਨੇ ਨਵੀਂ ਐਫਆਈਆਰ ਦਰਜ ਕਰਕੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਵਿਸ਼ੇਸ਼ NIA ਅਦਾਲਤ ਵਿੱਚ ਹੋਵੇਗੀ।
ਜਾਂਚ ਦੌਰਾਨ ਪੁਰਤਗਾਲ, ਫਰਾਂਸ ਅਤੇ ਜਰਮਨੀ ਨਾਲ ਜੁੜੇ ਕਥਿਤ ਹੈਂਡਲਰਾਂ ਦੇ ਨਾਮ ਵੀ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ। NIA ਨੇ ਕੇਸ ਨਾਲ ਸਬੰਧਤ ਰਿਕਾਰਡ ਹਾਸਲ ਕਰਨ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ ਮਾਮਲੇ ਨਾਲ ਸਬੰਧਤ ਨਿਆਂਇਕ ਰਿਕਾਰਡ NIA ਦੀ ਵਿਸ਼ੇਸ਼ ਅਦਾਲਤ ਨੂੰ ਭੇਜਣ ਦੇ ਹੁਕਮ ਦਿੱਤੇ ਹਨ।
ਇਨ੍ਹਾਂ ਰਿਕਾਰਡਾਂ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ 13 ਜੁਲਾਈ 2026 ਨੂੰ ਦਾਇਰ ਕੀਤੀ ਚਾਰਜਸ਼ੀਟ, ਸਬੰਧਤ ਦਸਤਾਵੇਜ਼, ਅਧੂਰੀ ਜਾਂਚ ਨਾਲ ਜੁੜੇ ਰਿਕਾਰਡ ਅਤੇ ਹੁਣ ਤੱਕ ਹੋਈ ਅਦਾਲਤੀ ਕਾਰਵਾਈ ਸ਼ਾਮਲ ਹੈ। ਜੇਲ੍ਹ ਵਿੱਚ ਬੰਦ ਮਾਮਲੇ ਦੇ 11 ਮੁਲਜ਼ਮਾਂ ਨੂੰ ਵੀ NIA ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲਿਸ ਨੇ 11 ਮੁਲਜ਼ਮ ਕੀਤੇ ਸਨ ਗ੍ਰਿਫ਼ਤਾਰ
ਸੈਕਟਰ-39 ਥਾਣਾ ਪੁਲਿਸ ਨੇ ਸ਼ੁਰੂਆਤ ਵਿੱਚ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਸੀ। ਜਾਂਚ ਅੱਗੇ ਵਧਣ ਦੌਰਾਨ ਪੁਲਿਸ ਨੇ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਾਰੇ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ। ਪੁਲਿਸ ਨੇ 13 ਜੁਲਾਈ 2026 ਨੂੰ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਅਦਾਲਤ ਵਿੱਚ ਦਾਇਰ ਕੀਤੀ ਸੀ। ਹੁਣ NIA ਵੱਲੋਂ ਮਾਮਲੇ ਦੀ ਅਗਲੇ ਪੱਧਰ ’ਤੇ ਜਾਂਚ ਕੀਤੀ ਜਾਵੇਗੀ।

Related